ਸ਼੍ਰੋਮਣੀ ਅਕਾਲੀ ਦਲ 'ਚ ਵੱਡਾ ਧਮਾਕਾ, ਸੁਖਬੀਰ ਬਾਦਲ ਨੇ ਕਰ 'ਤੀ ਕੋਰ ਕਮੇਟੀ ਭੰਗ
Tuesday, Jul 23, 2024 - 08:01 PM (IST)
ਜਲੰਧਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ। ਇਸ ਕੋਰ ਕਮੇਟੀ ਵਿਚ ਅਕਾਲੀ ਦਲ ਦੇ ਕਈ ਦਿੱਗਜ ਆਗੂਆਂ ਸਣੇ ਉਹ ਲੀਡਰ ਵੀ ਸ਼ਾਮਲ ਸਨ ਜੋ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਹਨ।
ਇਸ ਕੋਰ ਕਮੇਟੀ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਦੇ ਨਾਂ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਇਨ੍ਹਾਂ ਬਾਗੀਆਂ ਵੱਲੋਂ ਹੀ ਅਕਾਲੀ ਦਲ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੀ ਇਕ ਸ਼ਿਕਾਇਤ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਪੀ ਗਈ ਸੀ। ਜਿਸ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਇਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਹ ਸ਼੍ਰੀ ਅਕਾਲ ਤਖਤ ਵਿਖੇ ਇਕ ਨਿਮਾਣੇ ਸਿੱਖ ਵਜੋਂ ਨਤਮਸਤਕ ਹੋਣਗੇ। ਸੁਖਬੀਰ ਬਾਦਲ ਨੇ ਕੋਰ ਕਮੇਟੀ ਭੰਗ ਕਰਨ ਦਾ ਫੈਸਲਾ ਅਜਿਹੇ ਸਮੇਂ ਵਿਚ ਲਿਆ ਜਦੋਂ ਉਨ੍ਹਾਂ ਨੇ ਅਜੇ ਅਕਾਲ ਤਖਤ ਸਾਹਿਬ ਜਾਣਾ ਹੈ। ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਕਦੋਂ ਹੁੰਦਾ ਹੈ ਤੇ ਇਸ ਵਿਚ ਕਿਸ ਕਿਸ ਨੂੰ ਥਾਂ ਮਿਲਦੀ ਹੈ।
Shiromani Akali Dal core committee dissolved.
— Shiromani Akali Dal (@Akali_Dal_) July 23, 2024
ਦੱਸ ਦਈਏ ਕਿ ਪਿਛਲੇ 2 ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਵਿਚ ਬਗਾਵਤੀ ਸੁਰ ਪੈਦਾ ਹੋ ਗਏ ਹਨ। ਬਾਗੀ ਧੜੇ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।