ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ, ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼, ਜਾਣੋ ਪੂਰਾ ਮਾਮਲਾ

Monday, May 22, 2023 - 04:18 PM (IST)

ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ, ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼, ਜਾਣੋ ਪੂਰਾ ਮਾਮਲਾ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤੇ ‘‘ਮਨਿਸਟਰ ਫ਼ਲਾਇੰਗ ਸਕੁਐਡ’’ ਨੇ ਬੀਤੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੁਧਿਆਣਾ ਆ ਰਹੀ ਵਾਲਵੋ ਬੱਸ ਦੀ ਚੈਕਿੰਗ ਦੌਰਾਨ ਟਿਕਟਾਂ ਦੀ ਚੋਰੀ ਫੜੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 6 ਮੈਂਬਰੀ ਉੱਡਣ ਦਸਤੇ ਨੇ ਪਾਣੀਪਤ ਵਿਖੇ ਰਾਤ 11.20 ਵਜੇ ਦਿੱਲੀ ਏਅਰਪੋਰਟ ਤੋਂ ਲੁਧਿਆਣਾ ਆ ਰਹੀ ਜਲੰਧਰ ਡਿਪੂ ਦੀ ਵਾਲਵੋ ਬੱਸ ਨੰਬਰ ਪੀ.ਬੀ.08-ਸੀ.ਐਕਸ-9053 ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਡਕਟਰ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ। ਕੈਬਨਿਟ ਮੰਤਰੀ ਨੇ ਬੱਸ ਦੇ ਕੰਡਕਟਰ ਜਗਦੀਸ਼ ਸਿੰਘ ਨੂੰ 3,555 ਗ਼ਬਨ ਕਰਨ ਦੇ ਦੋਸ਼ ਵਿੱਚ ਤੁਰੰਤ ਡਿਊਟੀ ਤੋਂ ਫ਼ਾਰਗ ਕਰਨ ਸਬੰਧੀ ਟਰਾਂਸਪੋਰਟ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਪੱਧਰ 'ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਹਿਰਾਂ ਦੀਆਂ ਟੇਲਾਂ ਤੱਕ ਪਹੁੰਚਿਆ ਪਾਣੀ ਬਦਲ ਰਿਹੈ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ

ਪਿਛਲੇ ਹਫ਼ਤੇ ਗਠਤ ਕੀਤਾ ਗਿਆ ‘‘ਮਨਿਸਟਰ ਫ਼ਲਾਇੰਗ ਸਕੁਐਡ’’
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਵੱਲੋਂ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਸਬੰਧੀ ਕਾਰਵਾਈ ਕਰਨ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਹਫ਼ਤੇ ‘‘ਮਨਿਸਟਰ ਫ਼ਲਾਇੰਗ ਸਕੁਐਡ’’ ਗਠਿਤ ਕੀਤਾ ਗਿਆ ਸੀ। ਇਸ ਚੈਕਿੰਗ ਟੀਮ ਨੂੰ ਟਰਾਂਸਪੋਰਟ ਮੰਤਰੀ ਦੇ ਹੁਕਮਾਂ ਅਨੁਸਾਰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ 'ਤੇ ਚਲ ਰਹੀ ਐੱਸ. ਟੀ. ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ। ਪੰਜਾਬ ਰੋਡਵੇਜ਼ ਲੁਧਿਆਣਾ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਦੀ ਅਗਵਾਈ ਵਾਲੀ ਟੀਮ ’ਚ ਪੰਜ ਮੈਂਬਰ ਸ੍ਰੀ ਮਦਨ ਲਾਲ (ਐੱਸ. ਐੱਸ.), ਰਾਮੇਸ਼ ਕੁਮਾਰ (ਇੰਸਪੈਕਟਰ), ਸੁਖਵਿੰਦਰ ਸਿੰਘ (ਇੰਸਪੈਕਟਰ), ਸੁਰਿੰਦਰ ਕੁਮਾਰ (ਸਬ-ਇੰਸਪੈਕਟਰ) ਅਤੇ ਸੁਖਦੀਪ ਸਿੰਘ (ਸਬ-ਇੰਸਪੈਕਟਰ) ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


author

Anuradha

Content Editor

Related News