ਮੋਦੀ ਨੇ ਪੰਜਾਬ ਨੂੰ ਬਿਹਾਰ ਬਣਾਉਣ ਦੀ ਨੀਤੀ ਤਹਿਤ ਪਾਸ ਕੀਤਾ ਖੇਤੀਬਾੜੀ ਬਿੱਲ: ਭੱਠਲ

Saturday, Oct 03, 2020 - 01:27 PM (IST)

ਲਹਿਰਾਗਾਗਾ (ਜ.ਬ/ਜਿੰਦਲ): ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਤੇ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ 'ਚ ਲਏ ਬਗੈਰ ਲਾਗੂ ਕੀਤੇ ਖੇਤੀ ਆਰਡੀਨੈਂਸ ਦੇਸ਼ ਦੀ ਕਿਸਾਨੀ, ਆੜਤੀ ਤੇ ਮਜ਼ਦੂਰ ਵਰਗ ਨੂੰ ਖਤਮ ਕਰਨ ਦੀ ਗਹਿਰੀ ਸਾਜਿਸ਼ ਹੈ, ਜਿਸ ਨੂੰ ਕਾਂਗਰਸ ਕਿਸੇ ਵੀ ਕੀਮਤ 'ਤੇ ਸਫ਼ਲ ਨਹੀਂ ਹੋਣ ਦੇਵੇਗੀ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਵਿਖੇ ਕਾਂਗਰਸ ਵਲੋਂ ਯੂਥ ਆਗੂ ਰਾਹੁਲਇੰਦਰ ਸਿੰਘ ਦੀ ਅਗਵਾਈ 'ਚ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕੱਢੀ ਟਰੈਕਟਰ ਰੈਲੀ ਦੇ ਸਮਾਪਤੀ ਸਮਾਰੋਹ ਤੋਂ ਬਾਅਦ ਲਹਿਰਾਗਾਗਾ ਵਿਖੇ ਕੀਤੀ ਗਈ ਰੋਸ ਰੈਲੀ ਦੌਰਾਨ ਹਜ਼ਾਰਾਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 

ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ

ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਨਾਲ ਦੇਸ਼ ਖਾਸ ਕਰਕੇ ਪੰਜਾਬ 'ਚ ਅਕਾਲੀ-ਭਾਜਪਾ ਦੀ ਸਿਆਸੀ ਮੌਤ ਤੈਅ ਹੈ। ਮੋਦੀ ਪੰਜਾਬ ਨੂੰ ਬਿਹਾਰ ਬਣਾਉਣਾ ਚਾਹੁੰਦੇ ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ ਕਾਂਗਰਸ ਦੀ ਇਕ ਅਜਿਹੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਤੋਂ ਬਾਹਰ ਜਾ ਕੇ ਦਿੱਲੀ 'ਚ ਸੰਘਰਸ਼ ਕਰ ਰਹੀ ਹੈ। ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੇ ਹਿੱਤਾਂ ਦਾ ਘਾਣ ਨਹੀਂ ਹੋਣ ਦੇਵੇਗੀ। ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੀ ਸਲਾਹ ਦਿੱਤੀ ਕਿ ਉਹ ਦਿੱਲੀ 'ਚ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਧਰਨੇ ਪ੍ਰਦਰਸ਼ਨ ਕਰਨ ਤਾਂ ਜੋ ਮੋਦੀ ਸਰਕਾਰ ਨੂੰ ਖੇਤੀ ਆਰਡੀਨੈਂਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤੇ 'ਬ੍ਰਹਮ ਅਸਤਰ': ਭਗਵੰਤ ਮਾਨ

ਇਸ ਮੌਕੇ ਬੀਬੀ ਭੱਠਲ ਦੇ ਪੁੱਤਰ ਯੂਥ ਆਗੂ ਰਾਹੁਲਇੰਦਰ ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਨੂੰ ਵਾਪਸ ਨਾ ਲਿਆ ਤਾਂ ਯੂਥ ਕਾਂਗਰਸ ਦੇ ਆਗੂ ਦਿੱਲੀ ਦੀਆਂ ਸੜਕਾਂ ਜਾਮ ਕਰ ਦੇਣਗੇ। ਇਸ ਮੌਕੇ ਬੀਬੀ ਭੱਠਲ ਦੇ ਓ.ਐੱਸ.ਡੀ. ਰਵਿੰਦਰ ਟੁਰਨ, ਜ਼ਿਲ੍ਹਾ ਸ਼ਿਕਾਇਤ ਕਮੇਟੀ ਮੈਂਬਰ ਐਡਵੋਕੇਟ ਰਜਨੀਸ਼ ਗੁਪਤਾ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ, ਸੂਬਾ ਆਗੂ ਸੋਮਨਾਥ ਸਿੰਗਲਾ, ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਸੁਰੇਸ਼ ਕੁਮਾਰ ਠੇਕੇਦਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਕਾਂਗਰਸ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਗੁਰਲਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੀਟੂ ਸ਼ਰਮਾ, ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਰੋਡਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


Shyna

Content Editor

Related News