ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਨਹੀਂ ਸੁਣਿਆ ਸੀ ਚਿੱਟੇ ਦਾ ਨਾਂ : ਭੱਠਲ

Sunday, Sep 01, 2019 - 11:06 AM (IST)

ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਨਹੀਂ ਸੁਣਿਆ ਸੀ ਚਿੱਟੇ ਦਾ ਨਾਂ : ਭੱਠਲ

ਫਗਵਾਡ਼ਾ (ਜਲੋਟਾ)— ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਫਗਵਾਡ਼ਾ ਵਿਖੇ ਹੋਏ ਇਕ ਸਮਾਗਮ ’ਚ ਸ਼ਿਰਕਤ ਕੀਤੀ। ਇਸ ਦੌਰਾਨ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਰੀਬ ਦੋ ਹਜ਼ਾਰ ਕਾਰਡ ਆਮ ਲੋਕਾਂ ਨੂੰ ਤਕਸੀਮ ਕੀਤੇ ਗਏ। ਇਸ ਮੌਕੇ ਬੀਬੀ ਭੱਠਲ ਨੇ ਦੱਸਿਆ ਕਿ ਇਸ ਕਾਰਡ ਦੇ ਬਣਨ ਤੋਂ ਬਾਅਦ ਕਿਸੇ ਵੀ ਸਰਕਾਰੀ ਜਾਂ ਸਰਕਾਰ ਵਲੋਂ ਯੋਜਨਾ ਤਹਿਤ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲ ’ਚ 5 ਲੱਖ ਰੁਪਏ ਤਕ ਦਾ ਇਲਾਜ ਫ੍ਰੀ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੋ ਕੰਮ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਨੇ ਦਸ ਸਾਲ ’ਚ ਨਹੀਂ ਕੀਤੇ ਉਹ ਕੰਮ ਕੈਪਟਨ ਸਰਕਾਰ ਨੇ ਸਿਰਫ ਦਸ ਮਹੀਨੇ ’ਚ ਹੀ ਕਰਕੇ ਦਿਖਾ ਦਿੱਤੈ, ਜਿਨ੍ਹਾਂ ’ਚ ਮੁੱਖ ਤੌਰ ’ਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਅਤੇ ਪੰਜਾਬ ’ਚ ਨਸ਼ੇ ਦੇ ਕਾਰੋਬਾਰ ਦਾ ਲੱਕ ਤੋਡ਼ਨਾ ਸ਼ਾਮਲ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾਉਣ ’ਚ ਬਾਦਲ ਸਰਕਾਰ ਦਾ ਹੱਥ ਹੈ । 2007 ਤਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੇ ‘ਚਿੱਟੇ’ ਵਰਗੇ ਭੈਡ਼ੇ ਨਸ਼ੇ ਦਾ ਨਾਂ ਵੀ ਨਹੀਂ ਸੁਣਿਆ ਸੀ। ਉਨ੍ਹਾਂ ਵਰਕਰਾਂ ਦੇ ਜੋਸ਼ ਨੂੰ ਦੇਖਦੇ ਹੋਏ ਜੋਗਿੰਦਰ ਸਿੰਘ ਮਾਨ ਦੀ ਪਿੱਠ ਠੋਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿਘ ਮਾਨ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਪਿਛਲੇ 35 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ ਅਤੇ ਆਖਰੀ ਸਾਹ ਤਕ ਪਾਰਟੀ ਦੀ ਬਿਹਤਰੀ ਲਈ ਯਤਨਸ਼ੀਲ ਰਹਿਣਗੇ।


author

shivani attri

Content Editor

Related News