ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਬੀਬੀ ਰਾਜਦੀਪ ਕੌਰ ਕਾਂਗਰਸ 'ਚ ਸ਼ਾਮਲ

05/07/2019 3:57:55 PM

ਫਾਜ਼ਿਲਕਾ (ਸੇਤੀਆ) - ਜਸਵਿੰਦਰ ਸਿੰਘ ਰੋਕੀ ਦੀ ਭੈਣ ਅਤੇ ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਰਾਜ ਦੀਪ ਕੌਰ ਅਤੇ ਜਲਾਲਾਬਾਦ ਤੋਂ ਸ਼ੇਰ ਸਿੰਘ ਸੰਧੂ ਅਕਾਲੀ ਦਲ ਨੂੰ ਛੱਡ ਕੇ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਫਾਜ਼ਿਲਕਾ ਵਿਖੇ ਰੱਖੀ ਗਈ ਰੈਲੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਗਲ 'ਚ ਸਿਰੋਪਾ ਪਾ ਕੇ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਲ ਕੀਤਾ। ਰਾਜਦੀਪ ਕੌਰ ਕਰੀਬ ਇਕ ਸਾਲ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਈ ਸੀ। ਰਾਜਦੀਪ ਕੌਰ ਨੇ 2017 'ਚ ਫਾਜ਼ਿਲਕਾ ਵਿਧਾਨ ਸਭਾ ਸੀਟ ਦੀ ਚੋਣ ਆਜ਼ਾਦ ਤੌਰ 'ਤੇ ਲੜਦਿਆਂ 38000 ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਰਾਜਦੀਪ ਦੇ ਨਾਲ-ਨਾਲ ਉਸ ਦੀ ਮਾਂ ਹਰਮੰਦਰ ਕੌਰ ਵੀ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਦੀਪ ਤੇ ਉਸ ਦੀ ਮਾਂ ਹਰਮੰਦਰ ਕੌਰ ਨੂੰ ਖੁਦ ਕਾਂਗਰਸ 'ਚ ਸ਼ਾਮਲ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਜਦੀਪ ਕੌਰ ਪੰਜਾਬ ਕਾਂਗਰਸ 'ਚ ਸ਼ਾਮਲ ਹੋਈ ਹੈ, ਜਿਸ ਨਾਲ ਰਾਜ 'ਚ ਅਕਾਲੀ ਦਲ ਤੇ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਤਾਕਤਾਂ ਦੀ ਫੁੱਟ ਪਾਉਣ ਵਾਲੀ ਤਬਾਹਕੁੰਨ ਸਿਆਸਤ ਦਾ ਅੰਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਦੇ ਲੋਕ ਸਭਾ ਹਲਕੇ 'ਚ ਅਜਿਹਾ ਹਾਲ ਹੈ ਤਾਂ ਫਿਰ ਇਸ ਤੋਂ ਪਤਾ ਲੱਗਦਾ ਹੈ ਕਿ ਰਾਜ 'ਚ ਹਵਾ ਕਿਸ ਪਾਰਟੀ ਦੇ ਪੱਖ 'ਚ ਵਹਿ ਰਹੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹ ਫਿਰੋਜ਼ਪੁਰ ਅਤੇ ਬਠਿੰਡਾ ਦੋਵੇਂ ਹਲਕਿਆਂ 'ਚ ਸੁਖਬੀਰ ਜੋੜੇ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ। ਰਾਜਦੀਪ, ਜੋ ਕਿ ਸਾਬਕਾ ਗੈਂਗਸਟਰ ਸਵ. ਜਸਵਿੰਦਰ ਸਿੰਘ ਰੌਕੀ ਦੀ ਭੈਣ ਹੈ, ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਦੀਆਂ ਤਾਨਾਸ਼ਾਹੀ ਤੇ ਏਕਾਧਿਕਾਰ ਵਾਲੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਨੀਤੀਆਂ ਹੀ ਅਕਾਲੀ ਦਲ ਨੂੰ ਇਕ ਵਾਰ ਫਿਰ ਪਤਨ ਵੱਲ ਲਿਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਕਾਂਗਰਸ 'ਚ ਇਸ ਲਈ ਸ਼ਾਮਲ ਹੋਈਆਂ ਹਨ ਕਿਉਂਕਿ ਉਨ੍ਹਾਂ ਦਾ ਅਕਾਲੀ ਦਲ 'ਚ ਦਮ ਘੁੱਟ ਰਿਹਾ ਸੀ। ਕਾਂਗਰਸ ਹੀ ਸੂਬੇ 'ਚ ਲੋਕਤੰਤਰ ਦੀ ਰੱਖਿਆ ਕਰ ਸਕਦੀ ਹੈ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਸਤੇ 'ਤੇ ਲਿਜਾਣ 'ਚ ਸਹਾਇਕ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ 'ਚ ਅਮਨ ਤੇ ਸ਼ਾਂਤੀ ਦੀ ਬਹਾਲੀ ਕਰਵਾਈ ਹੈ, ਇਸ ਨਾਲ ਪੰਜਾਬ ਉੱਨਤੀ ਤੇ ਖੁਸ਼ਹਾਲੀ ਵੱਲ ਅੱਗੇ ਵਧੇਗਾ।


rajwinder kaur

Content Editor

Related News