ਬੀਬੀ ਜਗੀਰ ਕੌਰ ਨੇ ਸੌਦਾ ਸਾਧ ਦੀ ਪੈਰੋਲ ''ਤੇ ਜਤਾਇਆ ਇਤਰਾਜ਼, ਸੁਖਬੀਰ ਬਾਦਲ ''ਤੇ ਵੀ ਵਿੰਨ੍ਹੇ ਤਿੱਖੇ ਨਿਸ਼ਾਨੇ

Saturday, Jan 21, 2023 - 11:41 PM (IST)

ਬੀਬੀ ਜਗੀਰ ਕੌਰ ਨੇ ਸੌਦਾ ਸਾਧ ਦੀ ਪੈਰੋਲ ''ਤੇ ਜਤਾਇਆ ਇਤਰਾਜ਼, ਸੁਖਬੀਰ ਬਾਦਲ ''ਤੇ ਵੀ ਵਿੰਨ੍ਹੇ ਤਿੱਖੇ ਨਿਸ਼ਾਨੇ

ਬੇਗੋਵਾਲ (ਰਜਿੰਦਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਡੇਰਾ ਸਿਰਸਾ ਦੇ ਮੁੱਖੀ ਨੂੰ ਵਾਰ-ਵਾਰ ਪੈਰੋਲ ਦੇਣ 'ਤੇ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਦੇ ਦੋਸ਼ਾਂ ਵਿਚਾਲੇ ਖੇਡ ਮੰਤਰਾਲੇ ਦੀ ਸਖ਼ਤ ਕਾਰਵਾਈ, ਕੁਸ਼ਤੀ ਸੰਘ ਦਾ ਸਹਾਇਕ ਸਕੱਤਰ ਬਰਖ਼ਾਸਤ

ਇੱਥੋਂ ਜਾਰੀ ਕੀਤੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਬਲਾਤਕਾਰ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਸਿਰਸਾ ਦੇ ਡੇਰਾ ਮੁਖੀ ਨੂੰ ਮੁੜ 40 ਦਿਨਾਂ ਦੀ ਪੈਰੋਲ ਦੇਣ ਨਾਲ ਉਨ੍ਹਾਂ ਪੀੜਤ ਲੜਕੀਆਂ ਨੂੰ ਮਾਨਸਿਕ ਪੀੜਾ ਪਹੁੰਚਾਈ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਸੌਦਾ ਸਾਧ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਪੈਰੋਲ ਤਾਂ ਖ਼ਾਸ ਹਲਾਤਾਂ ਵਿਚ ਦਿੱਤੀ ਜਾ ਸਕਦੀ ਹੈ, ਪਰ ਡੇਰਾ ਸਿਰਸਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣਾ ਇੱਕ ਤਰ੍ਹਾਂ ਨਾਲ ਸਮੁੱਚੀ ਸਿੱਖ ਕੌਮ ਦੇ ਬੇਅਦਬੀ ਕਾਰਨ ਛਲਣੀ ਹੋਏ ਹਿਰਦਿਆਂ ਨੂੰ ਦੁੱਖ ਪਹੁੰਚਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਵਿਗੜੀ, PGI 'ਚ ਦਾਖ਼ਲ

ਸੁਖਬੀਰ ਬਾਦਲ 'ਤੇ ਵੀ ਕੀਤਾ ਤਿੱਖਾ ਹਮਲਾ

ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵੀ ਤਿੱਖਾ ਹਮਲਾ ਕੀਤਾ ਹੈ।ਉਨ੍ਹਾਂ ਸੁਖਬੀਰ ਸਿੰਘ ਨੂੰ ਸਵਾਲ ਕਰਦਿਆ ਕਿਹਾ ਕਿ ਉਹ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਗੇ ਕਿ ਡੇਰਾ ਮੁਖੀ ਵਿਰੁੱਧ 2007 ਦੇ ਚੱਲਦੇ ਸਵਾਂਗ ਕੇਸ ਨੂੰ ਵਾਪਸ ਲੈਣ ਲਈ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਰਜ਼ੀ ਕਿਉਂ ਦਿੱਤੀ ਗਈ ਸੀ ? ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਸਿੱਖ ਕੌਮ ਦੇ ਸਾਹਮਣੇ ਇਹ ਸੱਚ ਲੈ ਕੇ ਆਉਣ ਕਿ ਡੇਰਾ ਮੁਖੀ ਵਿਰੁੱਧ ਚੱਲਦੇ ਕੇਸ ਨੂੰ ਵਾਪਸ ਲੈਣ ਦੀ ਅਰਜ਼ੀ ਸਾਲ 2012 ਵਿਚ ਕਿਸ ਦੇ ਕਹਿਣ 'ਤੇ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦਾ ਇੰਤਕਾਲ ਕਰਨ ਲਈ ਪਟਵਾਰੀ ਨੇ ਮੰਗੇ 20 ਹਜ਼ਾਰ, ਹੈਲਪਲਾਈਨ ਰਾਹੀਂ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ

ਉਨ੍ਹਾਂ ਕਿਹਾ ਕਿ 2007 ਵਿਚ ਵਾਪਰੇ  ਸਵਾਂਗ ਦੇ ਮਾਮਲੇ ਵਿਚ ਜੇ ਉਦੋਂ ਹੀ ਪੰਜਾਬ ਸਰਕਾਰ ਨੇ ਚਾਲਾਨ ਪੇਸ਼ ਕੀਤਾ ਹੁੰਦਾ ਤਾਂ 2015 ਵਿਚ ਬੇਅਦਬੀ ਦੀ ਘਟਨਾ ਨਹੀਂ ਸੀ ਵਾਪਰਨੀ ਤੇ ਨਾ ਹੀ ਗੋਲ਼ੀ ਚੱਲਣੀ ਸੀ ਤੇ ਨਾ ਹੀ ਦੋ ਸਿੰਘ ਸ਼ਹੀਦ ਹੋਣੇ ਸਨ। ਆਪਣੇ ਗੁਰੂ ਦੀ ਹੋਈ ਬੇਅਦਬੀ ਲਈ ਇਨਸਾਫ਼ ਮੰਗਣ ਵਾਲੀ ਸੰਗਤ 'ਤੇ ਚਲਾਈਆਂ ਗੋਲੀਆਂ ਦੀ ਚੀਸ਼ ਅੱਜ ਵੀ ਪੰਥ ਅਤੇ ਪੰਜਾਬ ਮਹਿਸੂਸ ਕਰ ਰਿਹਾ ਹੈ। ਬੀਬੀ ਜਗੀਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਇਹ ਮੰਗ ਵੀ ਕੀਤੀ ਹੈ ਕਿ ਉਹ ਮੌੜ ਬੰਬ ਧਮਾਕੇ ਦੀ ਜਾਂਚ ਵਿਚ ਤੇਜ਼ੀ ਲਿਆਉਣ ਕਿਉਂਕਿ ਇਸ ਧਮਾਕੇ ਦੀ ਪੈੜ ਵੀ ਡੇਰੇ ਤਕ ਜਾਂਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News