ਪੰਥ ਦੀ ਮਜ਼ਬੂਤੀ ਲਈ ਪੰਥਕ ਸੋਚ ਵਾਲੇ ਧਾਰਮਿਕ ਆਗੂਆਂ ਦਾ ਅੱਗੇ ਆਉਣਾ ਜ਼ਰੂਰੀ: ਬੀਬੀ ਜਗੀਰ ਕੌਰ
Thursday, Oct 12, 2023 - 06:20 PM (IST)
ਸੰਗਰੂਰ (ਸਿੰਗਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜੰਗੀਰ ਕੌਰ ਨੇ ਆਪਣੀ ਮਾਲਵਾ ਫੇਰੀ ਦੌਰਾਨ ਆਲ ਇੰਡੀਆ ਗ੍ਰੰਥੀ ਰਾਗੀ ਅਤੇ ਪ੍ਰਚਾਰਕ ਸਿੰਘ ਸਭਾ ਦੇ ਪ੍ਰਧਾਨ ਪ੍ਰਸਿੱਧ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਪੰਥ ਦੀ ਮਜ਼ਬੂਤੀ ਦੇ ਲਈ ਪੰਥਕ ਸੋਚ ਵਾਲੇ ਧਾਰਮਿਕ ਆਗੂਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਅਤੇ ਭਾਈ ਛਾਜਲਾ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਕਾਰਜਾਂ ’ਚ ਮੋਹਰੀ ਰੋਲ ਅਦਾ ਕਰ ਰਹੇ ਹਨ, ਜਿਸ ਦੇ ਲਈ ਗ੍ਰੰਥੀ ਰਾਗੀ ਪ੍ਰਚਾਰਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੇਂ-ਸਮੇਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਜਾਣੂੰ ਕਰਵਾਉਂਦੇ ਰਹਿੰਦੇ ਹਨ। ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਅਜੋਕੇ ਸਮੇਂ ਨੌਜਵਾਨ ਵਰਗ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਦੇ ਵੱਸ ਪੈ ਕੇ ਸਿੱਖੀ ਤੋਂ ਬੇਮੁਖ ਹੋ ਰਿਹਾ ਹੈ, ਜਿਸ ਕਰ ਕੇ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਉਨ੍ਹਾਂ ਦਾ ਧਿਆਨ ਸਿੱਖੀ ਵਾਲੇ ਪਾਸੇ ਲਾਇਆ ਜਾਵੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਸ ਮੌਕੇ ਉਕਤ ਸਭਾ ਦੇ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਦੀ ਕਿਸੇ ਨੇ ਕਦੀ ਵੀ ਸਾਰ ਨਹੀਂ ਲਈ ਕਿਉਂਕਿ ਉਹ ਆਪਣਾ ਜੀਵਨ ਬਸਰ ਅੱਤ ਦੀ ਮਹਿੰਗਾਈ ਦੇ ਬਾਵਜੂਦ ਬਹੁਤ ਹੀ ਘੱਟ ਤਨਖ਼ਾਹਾਂ ’ਤੇ ਕਰਨ ਲਈ ਮਜਬੂਰ ਹਨ, ਜਦੋਂਕਿ ਧਰਮ ਦਾ ਪ੍ਰਚਾਰ ਕਰਨ ਵਾਲਿਆ ਨੂੰ ਬਣਦਾ ਮਾਣ ਸਤਿਕਾਰ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਜਸਵਿੰਦਰ ਸਿੰਘ ਲੱਧੜ ਪੀਏ ਘੁੰਨਸ, ਭਾਈ ਸਿਮਰਨਪਾਲ ਸਿੰਘ ਛਾਜਲਾ, ਬੀਬੀ ਮਨਜੀਤ ਕੌਰ ਆਦਿ ਮੌਜੂਦ ਸਨ ।
ਇਹ ਵੀ ਪੜ੍ਹੋ: ਦੋ ਪੀੜ੍ਹੀਆਂ ਮਗਰੋਂ ਪਰਮਾਤਮਾ ਨੇ ਬਖਸ਼ੀ ਧੀ ਦੀ ਦਾਤ, ਪਰਿਵਾਰ ਨੇ ਢੋਲ ਵਜਾ ਤੇ ਭੰਗੜੇ ਪਾ ਕੇ ਕੀਤਾ ਸੁਆਗਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ