ਨਾ ਭਾਜਪਾ ’ਚ ਜਾਵਾਂਗੀ ਤੇ ਨਾ ਹੀ ਕਰਾਂਗੀ ਅਟਵਾਲ ਲਈ ਪ੍ਰਚਾਰ: ਬੀਬੀ ਜਗੀਰ ਕੌਰ
Thursday, Apr 20, 2023 - 11:25 AM (IST)
ਬੇਗੋਵਾਲ (ਭੂਪੇਸ਼)- ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਵਿਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਵੱਲੋਂ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਦੇ ਖ਼ਿਲਾਫ਼ ਲੜਨ ’ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਬੁੱਧਵਾਰ ਦੇਰ ਰਾਤ ਹਲਕਾ ਭੁਲੱਥ ਵਿਚ ਸਿਆਸਤ ਉਸ ਵੇਲੇ ਗਰਮਾ ਗਈ ਜਦੋਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇ ਰੁਪਾਣੀ ਅਚਨਚੇਤ ਬੀਬੀ ਜਗੀਰ ਕੌਰ ਦੇ ਨਿਵਾਸ ’ਤੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਲਈ ਹਮਾਇਤ ਲੈਣ ਲਈ ਪਹੁੰਚੇ। ਇਸ ਦੌਰਾਨ ਇਕ ਲੰਬੀ ਅਤੇ ਅਹਿਮ ਮੀਟਿੰਗ ਚੱਲੀ, ਜਿਸ ਵਿਚ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਅੱਜ ਜਲੰਧਰ ਆਉਣਗੇ 'ਆਪ' ਸੁਪ੍ਰੀਮੋ ਕੇਜਰੀਵਾਲ ਤੇ CM ਮਾਨ, ਸੁਸ਼ੀਲ ਰਿੰਕੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ
ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਬੀਬੀ ਜਗੀਰ ਕੌਰ ਦੀ ਹਮਾਇਤ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਪਤਾ ਲੱਗਾ ਹੈ ਕਿ ਫਿਲਹਾਲ ਬੀਬੀ ਜਗੀਰ ਕੌਰ ਨੇ ਭਾਜਪਾ ਦੇ ਉਮੀਦਵਾਰ ਦੀ ਖੁੱਲ੍ਹ ਕੇ ਹਮਾਇਤ ਕਰਨ ਤੋਂ ਕਿਨਾਰਾ ਕੀਤਾ ਹੈ। ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਵੀ ਫਿਲਹਾਲ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਨਾ ਹੀ ਭਾਜਪਾ ਉਮੀਦਵਾਰ ਦਾ ਸਮਰਥਨ ਕਰਨਗੇ। ਜਲੰਧਰ ਲੋਕ ਸਭਾ ਹਲਕੇ ਵਿਚ ਲੁਬਾਣਾ ਭਾਈਚਾਰੇ ਦੀ ਵੀ ਕਾਫ਼ੀ ਵੋਟ ਹੈ। ਬੀਬੀ ਜਗੀਰ ਕੌਰ ਦਾ ਆਪਣੀ ਲੁਬਾਣਾ ਬਰਾਦਰੀ ਵਿਚ ਵੀ ਖਾਸਾ ਪ੍ਰਭਾਵ ਹੈ, ਜਿਸ ਕਰਕੇ ਹੀ ਭਾਜਪਾ ਕਿਸੇ ਨਾ ਕਿਸੇ ਤਰ੍ਹਾਂ ਬੀਬੀ ਜਗੀਰ ਕੌਰ ਦੀ ਹਮਾਇਤ ਹਾਸਲ ਕਰਨਾ ਚਾਹੁੰਦੀ ਸੀ ਪਰ ਭਾਜਪਾ ਉਨ੍ਹਾਂ ਦੀ ਹਮਾਇਤ ਹਾਸਲ ਕਰਨ ਵਿਚ ਅਸਫ਼ਲ ਰਹੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪੁਆਏ ਘਰ 'ਚ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।