ਬੀਬੀ ਜਗੀਰ ਕੌਰ ਦੀ ਅਕਾਲੀ ਦਲ ’ਚ ਵਾਪਸੀ ਲਈ ‘ਕਸਰਤ’ ਸ਼ੁਰੂ ! ਭੂੰਦੜ ਬੋਲੇ, ‘ਅਕਾਲੀ ਦਲ ਦੇ ਦਰਵਾਜ਼ੇ ਖੁੱਲ੍ਹੇ’
Thursday, Apr 20, 2023 - 10:18 PM (IST)
ਲੁਧਿਆਣਾ (ਮੁੱਲਾਂਪੁਰੀ)-ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਦਾ ਦੋਆਬਾ ’ਚ ਦਬਦਬਾ ਤੇ ਉਨ੍ਹਾਂ ਨੇ ਲੁਬਾਣਾ ਬਰਾਦਰੀ ’ਚ ਵੱਡੇ ਪੱਧਰ ’ਤੇ ਬੈਠਾ ਭਾਈਚਾਰਾ ਬੀਬੀ ਜਗੀਰ ਕੌਰ ਦੀ ਬਰਖ਼ਾਸਤਗੀ ਨੂੰ ਲੈ ਕੇ ਨਾਖੁਸ਼ ਦੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਹੁਣ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅਕਾਲੀ ਹਲਕਿਆਂ ’ਚ ਵੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਬੀਬੀ ਜਗੀਰ ਕੌਰ ਦੀ ਸਪੋਰਟ ਲੈਣ ਲਈ ਘਰ ਵਾਪਸੀ ਕਰਵਾਈ ਜਾਵੇ। ਇਸ ਸਬੰਧੀ ਅੰਦਰਖਾਤੇ ਰਾਜਸੀ ਕਸਰਤ ਤੇ ਖਿਚੜੀ ਪੱਕਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : 23 ਸਾਲਾ ਨੌਜਵਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੱਜ ਜਦੋਂ ‘ਜਗ ਬਾਣੀ’ ਨੇ ਬੀਬੀ ਜਗੀਰ ਕੌਰ ਤੋਂ ਅਕਾਲੀ ਦਲ ਵਿਚ ਘਰ ਵਾਪਸੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਤੋਂ ਅਕਾਲੀ ਦਲ ’ਚੋਂ ਬਾਹਰ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮੈਨੂੰ ਅਕਾਲੀ ਦਲ ਵਿਚ ਗੁੜ੍ਹਤੀ ਮਿਲੀ ਹੈ। ਮੈਂ ਅਕਾਲੀ ਹਾਂ ਤੇ ਅਕਾਲੀ ਰਹਿ ਕੇ ਹੀ ਮਰਾਂਗੀ। ਮੈਨੂੰ ਪਾਰਟੀ ’ਚੋਂ ਕੱਢਣ ਵਾਲੇ ਹੁਣ ਸੋਚਣ ਕਿ ਤੇਜ਼ੀ ਤੋਂ ਬਿਨਾਂ ਸੂਝਬੂਝ ਤੇ ਬਾਹਰ ਦੇ ਦਿਖਾਏ ਰਸਤੇ ’ਤੇ ਲਏ ਫੈਸਲੇ ਕਿਵੇਂ ਕਿਸੇ ਵੇਲੇ ਭਾਰੀ ਪੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਿਹੜੇ ਮੂੰਹ ਨਾਲ ਅਕਾਲੀ ਦਲ ਵਿਚ ਜਾਵਾਂਗੀ, ਜਿਸ ਨੇ ਮੈਨੂੰ ਜ਼ਲੀਲ ਕਰਕੇ ਕੱਢਿਆ ਤੇ ਮੇਰੇ ਬਾਰੇ ਬਿਆਨ ਦਾਗ਼ੇ। ਮੈਂ ਹੁਣ ਅਕਾਲੀ ਹਾਂ ਤੇ ਪੰਥ ਦੀ ਸੇਵਾ ਕਰਦੀ ਹਾਂ ਤੇ ਹੁਣ ਮੇਰਾ ਪੰਥਕ ਏਜੰਡਾ ਹੈ। ਮੈਨੂੰ ਗੁਰੂ ਰਾਮਦਾਸ ਜੀ ਮਹਾਰਾਜ ਸ਼ੁੱਧ ਬੁੱਧੀ ਤੇ ਪੰਥ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ ਤਾਂ ਜੋ ਅਸੀਂ ਧਾਰਮਿਕ ਖੇਤਰ ਵਿਚ ਸਫ਼ਲ ਹੋ ਸਕੀਏ।
ਇਹ ਖ਼ਬਰ ਵੀ ਪੜ੍ਹੋ : CM ਕੇਜਰੀਵਾਲ ਦਾ ਅਹਿਮ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ
ਇਸੇ ਤਰ੍ਹਾਂ ਸ਼੍ਰੋ. ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨਾਲ ਜਦੋਂ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਬਾਰੇ ‘ਜਗ ਬਾਣੀ’ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼੍ਰੋ. ਅਕਾਲੀ ਦਲ ਦੇ ਬੀਬੀ ਲਈ ਦਰਵਾਜ਼ੇ ਖੁੱਲ੍ਹੇ ਹਨ, ਉਹ ਜਲਦੀ ਆਉਣ, ਉਨ੍ਹਾਂ ਦਾ ਸਵਾਗਤ ਹੋਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਅਕਾਲੀ ਦਲ ਨੇ ਤਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਤੇ ਉਨ੍ਹਾਂ ਖਿਲਾਫ਼ ਤਿੱਖੀ ਬਿਆਨਬਾਜ਼ੀ ਕੀਤੀ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਛੋਟੀਆਂ ਗੱਲਾਂ ਤੇ ਗ਼ਲਤਫਹਿਮੀਆਂ ’ਤੇ ਛੇਤੀ ਵਿਚ ਲਏ ਫੈਸਲੇ ਦੂਰੀਆਂ ਵਧਾ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਤੁਸੀਂ ਬੀਬੀ ਜੀ ਦੇ ਘਰ ਜਾਓਗੇ ਤਾਂ ਉਨ੍ਹਾਂ ਕਿਹਾ ਕਿ ਭਾਈ ਵੋਟਾਂ ਹਨ, ਅਸੀਂ ਸਭ ਦੇ ਘਰ ਜਾਵਾਂਗੇ। ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਲਿਆਂਦਾ ਕਿ ਬੀਬੀ ਜੀ ਭੁਲੱਥ ਰਹਿੰਦੇ, ਜੋ ਜਲੰਧਰ ਲੋਕ ਸਭਾ ਦਾ ਹਿੱਸਾ ਨਹੀਂ ਤਾਂ ਉਨ੍ਹਾਂ ਕਿਹਾ ਕਿ ਬੀਬੀ ਦੇ ਰਿਸ਼ਤੇਦਾਰ ਜਾਂ ਹੋਰ ਭਾਈਚਾਰਾ ਤਾਂ ਜਲੰਧਰ ਰਹਿੰਦਾ ਹੋਊ। ਇਸ ’ਤੇ ਭੂੰਦੜ ਦੀ ਇਸ ਗੱਲ ਤੋਂ ਲੱਗਾ ਕਿ ਸ਼੍ਰੋ. ਅਕਾਲੀ ਦਲ ਜਲੰਧਰ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਕੋਈ ਵੀ ਫੈਸਲਾ ਲੈ ਸਕਦਾ ਹੈ। ਬਾਕੀ ਹੁਣ ਦੇਖਦੇ ਹਾਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੀਬੀ ਜਗੀਰ ਕੌਰ ਦੀ ਵਾਪਸੀ ਲਈ ਕਿਸ ਦੀ ਡਿਊਟੀ ਲਾਉਂਦੇ ਹਨ ਜਾਂ ਫਿਰ ਆਪ ਜਾਂਦੇ ਹਨ, ਜਦਕਿ ਬੀਬੀ ਨੇ ਭਾਜਪਾ ਨੂੰ ਤਾਂ ਕੋਰੀ ਨਾਂਹ ਕਰ ਦਿੱਤੀ ਹੈ।