ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਅਨੁਸ਼ਾਸਨੀ ਕਮੇਟੀ ’ਤੇ ਚੁੱਕੇ ਵੱਡੇ ਸਵਾਲ

Friday, Nov 04, 2022 - 11:15 PM (IST)

ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਅਨੁਸ਼ਾਸਨੀ ਕਮੇਟੀ ’ਤੇ ਚੁੱਕੇ ਵੱਡੇ ਸਵਾਲ

ਬੇਗੋਵਾਲ (ਰਜਿੰਦਰ)-ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਪਾਰਟੀ ਵੱਲੋਂ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਜਿਸ ਸੰਬੰਧੀ ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਨੂੰ ਭੇਜੇ ਪੱਤਰ ’ਚ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਹੋਣ ਦੇ ਬਾਵਜੂਦ ਅਨੁਸ਼ਾਸਨੀ ਕਮੇਟੀ ਕਦੋਂ ਬਣੀ, ਇਸ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ’ਚੋਂ ਮੁਅੱਤਲ ਕਰਨ ਦਾ ਪਾਰਟੀ ਸੰਵਿਧਾਨਕ ਕਾਰਨ ਵੀ ਪੁੱਛ ਲਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਤੇ ਹੋਰ ਮੈਂਬਰਾਂ ਨੇ ਪਾਰਟੀ ਵਿਰੋਧੀ ਸਰਗਰਮੀਆ ਦਾ ਹਵਾਲਾ ਦਿੰਦਿਆਂ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਮੁਅੱਤਲ ਕੀਤਾ ਸੀ ਤੇ ਇਸ ਸਬੰਧੀ ਦੋ ਦਿਨਾਂ ਦਾ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਜਿਸ ਦਾ ਜਵਾਬ ਸ਼ੁੱਕਰਵਾਰ ਨੂੰ ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਭੇਜਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਪ੍ਰਦੂਸ਼ਣ ਤੇ ਖ਼ਰਾਬ ਹਵਾ ’ਤੇ ਭਖ਼ੀ ਸਿਆਸਤ, ਪ੍ਰਤਾਪ ਬਾਜਵਾ ਨੇ ਪੰਜਾਬ ਤੇ ਦਿੱਲੀ ਸਰਕਾਰ ’ਤੇ ਚੁੱਕੇ ਵੱਡੇ ਸਵਾਲ

PunjabKesari

ਆਪਣੇ ਜਵਾਬ ਰਾਹੀਂ ਬੀਬੀ ਜਗੀਰ ਕੌਰ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੌਰਾਨ ਉਨ੍ਹਾਂ ’ਤੇ ਕੋਈ ਵੀ ਦੋਸ਼ ਨਹੀਂ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀ ਧਾਰਾ ਦੀ ਕਿਸ ਮੱਦ ਅਨੁਸਾਰ ਉਸ ਨੂੰ ਮੁਅੱਤਲ ਕੀਤਾ ਗਿਆ। ਪੱਤਰ ਰਾਹੀਂ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਨੁਸ਼ਾਸਨੀ ਕਾਰਵਾਈ ਕਰਨ ਤੱਕ ਪਾਰਟੀ ਵੱਲੋਂ ਕੋਈ ਵੀ ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਵਜੋਂ ਨਹੀਂ ਐਲਾਨਿਆ ਗਿਆ ਸੀ। ਫਿਰ ਵਿਰੋਧੀ ਗਤੀਵਿਧੀਆ ਕਿਸ ਸੰਬੰਧੀ ਸਨ ਤੇ ਮੁਅੱਤਲੀ ਦਾ ਕਾਰਨ ਵੀ ਸਪੱਸ਼ਟ ਕੀਤਾ ਜਾਵੇ, ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਹੋਵੇ ਤਾਂ ਵੇਰਵਾ ਦਿੱਤਾ ਜਾਵੇ। ਅਕਾਲੀ ਦਲ ’ਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਬੀਬੀ ਜਗੀਰ ਕੌਰ ਨੇ ਸਪੱਸ਼ਟੀਕਰਨ ਪੱਤਰ ’ਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਪ੍ਰਧਾਨ ਸਾਹਿਬ ਵੱਲੋਂ ਭੰਗ ਕੀਤਾ ਗਿਆ ਹੈ, ਸਿਰਫ਼ ਵਰਕਿੰਗ ਕਮੇਟੀ ਹੀ ਹੋਂਦ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਦੋ ਦੋਸਤਾਂ ਦੀ ਦਰਦਨਾਕ ਮੌਤ

ਇਹ ਦੱਸਿਆ ਜਾਵੇ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਕਦੋਂ ਹੋਈ ਸੀ ਅਤੇ ਸੰਵਿਧਾਨ ਦੀ ਕਿਸ ਧਾਰਾ ਤਹਿਤ ਅਨੁਸ਼ਾਸਨੀ ਕਮੇਟੀ ਬਣਾਈ ਗਈ, ਜਦਕਿ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਸੰਬੰਧੀ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸੁਣਿਆ ਗਿਆ, ਜਦਕਿ ਬਿਨਾਂ ਨੋਟਿਸ ਅਤੇ ਬਿਨਾਂ ਸੁਣਵਾਈ ਮੁਅੱਤਲ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਾਪਦੀ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦਰਮਿਆਨ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਲਈ ਇੱਛਾ ਪ੍ਰਗਟਾਈ ਸੀ। ਜਿਸ ਦੌਰਾਨ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਸੰਗਤ ਵਿਚ ਇਹ ਗੱਲ ਹਮੇਸ਼ਾ ਚਰਚਾ ’ਚ ਰਹਿੰਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਵਿਚੋਂ ਨਿਕਲਦਾ ਹੈ, ਇਸ ਲਈ ਅਜਿਹੀ ਚਰਚਾ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਲਈ ਇਕ ਤੋਂ ਵੱਧ ਉਮੀਦਵਾਰ ਖੜ੍ਹੇ ਕਰਕੇ ਵੋਟਿੰਗ ਕਰਵਾਈ ਜਾਣੀ ਚਾਹੀਦੀ ਹੈ।

 


author

Manoj

Content Editor

Related News