SGPC ਦੀ ਪ੍ਰਧਾਨਗੀ 'ਤੋਂ ਇਸ ਵਿਵਾਦ ਕਾਰਨ ਬੀਬੀ ਜਗੀਰ ਕੌਰ ਨੂੰ ਦੇਣਾ ਪਿਆ ਸੀ ਅਸਤੀਫ਼ਾ

Friday, Nov 27, 2020 - 04:06 PM (IST)

SGPC ਦੀ ਪ੍ਰਧਾਨਗੀ  'ਤੋਂ ਇਸ ਵਿਵਾਦ ਕਾਰਨ ਬੀਬੀ ਜਗੀਰ ਕੌਰ ਨੂੰ ਦੇਣਾ ਪਿਆ ਸੀ ਅਸਤੀਫ਼ਾ

ਜਲੰਧਰ (ਵੈਬ ਡੈਸਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ  ਨੂੰ ਲੈ ਕੇ ਸਿਆਸੀ ਧਿਰਾਂ ਲਗਾਤਾਰ ਕੇਂਦਰ ਸਰਕਾਰ 'ਤੇ ਦਬਾਅ ਪਾ ਰਹੀਆਂ ਸਨ।ਚਰਚਾਵਾਂ ਦੇ ਬਾਜ਼ਾਰ 'ਚ ਪ੍ਰਧਾਨਗੀ ਦਾ ਤਾਜ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਿਰ ਸਜਣ ਦੀਆਂ ਵਿਚਾਰ ਚਰਚਾਵਾਂ ਵੀ ਹੋ ਰਹੀਆਂ ਸਨ।ਅਜਿਹੇ 'ਚ ਬੀਬੀ ਜਗੀਰ ਦਾ ਪ੍ਰਧਾਨ ਬਣਨਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ।ਰਾਜਨੀਤਕ ਗਲਿਆਰਿਆਂ 'ਚ ਇਹ ਚਰਚਾ ਆਮ ਹੈ ਕਿ ਬਾਦਲ ਸਾਹਿਬ ਜਿਸ ਵਿਅਕਤੀ ਦਾ ਨਾਮ ਪ੍ਰਧਾਨਗੀ ਦੇ ਅਹੁਦੇ ਲਈ ਲੈ ਦੇਣ ਫਿਰ ਉਸ ਨਾਂ 'ਤੇ ਸਹਿਮਤੀ ਬਣਨ ਨੂੰ ਦੇਰੀ ਨਹੀਂ ਲੱਗਦੀ। ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਚੁਣੀ ਗਈ ਹੈ। ਇਸ ਤੋਂ ਪਹਿਲਾਂ ਉਹ 16 ਮਾਰਚ 1999 ਤੋਂ 30 ਨਵੰਬਰ 2000 ਤੱਕ ਅਤੇ 23 ਸਤੰਬਰ 2004 ਤੋਂ 11 ਨਵੰਬਰ 2005 ਤੱਕ ਪ੍ਰਧਾਨਗੀ ਦੇ ਅਹੁਦੇ 'ਤੇ ਰਹਿ ਚੁੱਕੀ ਹੈ।ਇਸ ਅਹੁਦੇ 'ਤੇ ਰਹਿੰਦਿਆ ਉਨ੍ਹਾਂ ਦੇ ਨਾਮ ਨਾਲ ਕਈ ਵਿਵਾਦ ਜੁੜੇ ਰਹੇ ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਿਆ।

ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ 'ਤੇ ਪੁੱਜਣ ਤੋਂ ਪਹਿਲਾਂ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਬੀਬੀ ਜਗੀਰ ਕੌਰ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ 'ਚ ਹੋਇਆ।ਉੱਚ ਸਿੱਖਿਆ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਤੌਰ ਸਕੂਲ ਅਧਿਆਪਕਾ ਨੌਕਰੀ ਵੀ ਕੀਤੀ ।ਇਸ ਤੋਂ ਮਗਰੋਂ ਇਕ ਧਾਰਮਿਕ  ਡੇਰੇ 'ਚ ਆਉਣ ਜਾਣ ਕਾਰਨ ਸਮਾਜਿਕ ਤੇ ਧਾਰਮਿਕ ਗਲਿਆਰਿਆਂ 'ਚ ਬੀਬੀ ਜਗੀਰ ਦੀ ਪਛਾਣ ਨਾਮੀਂ ਆਗੂ ਵਜੋਂ ਬਣਨੀ ਸ਼ੁਰੂ ਹੋਈ।1995 'ਚ ਸ਼੍ਰੋਮਣੀ ਅਕਾਲੀ ਦਲ 'ਚ ਬਤੌਰ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜਦ ਹੋਣ ਕਾਰਨ ਉਨ੍ਹਾਂ ਦਾ ਨਾਮ ਰਾਜਨੀਤਕ ਹਲਕਿਆਂ 'ਚ ਵੀ ਉੱਭਰਨਾ ਸ਼ੂਰੂ ਹੋਇਆ।ਲੁਬਾਣਾ ਭਾਈਚਾਰੇ 'ਚ ਚੰਗਾ ਪ੍ਰਭਾਵ ਹੋਣ ਕਾਰਨ 1996 ਵਿੱਚ ਜਗੀਰ ਕੌਰ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬਣੀ।1997 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਭੁਲੱਥ ਹਲਕੇ ਤੋਂ ਚੋਣ ਜਿੱਤੇ ਅਤੇ ਮੰਤਰੀ ਬਣੇ। 

ਇਹ ਵੀ ਪੜ੍ਹੋ :ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ

ਦੋ ਸਾਲਾਂ ਬਾਅਦ ਹੀ ਮਾਰਚ 1999 ਵਿੱਚ ਜਗੀਰ ਕੌਰ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਬਣ ਗਏ।ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਪ੍ਰਧਾਨ ਬਣਨ ਵਾਲੀ ਪਹਿਲੀ ਬੀਬੀ, ਬੀਬੀ ਜਗੀਰ ਕੌਰ ਸਨ।ਇਸ ਤੋਂ ਜਲਦ ਮਗਰੋਂ ਹੀ ਉਨ੍ਹਾਂ ਦੇ ਜੀਵਨ 'ਚ ਵੱਡਾ ਉਥਲ ਪੁਥਲ ਹੋਇਆ ਜਦੋਂ ਉਨ੍ਹਾਂ ਦੀ ਧੀ ਹਰਪ੍ਰੀਤ ਕੌਰ ਦੇ ਜ਼ਬਰਦਸਤੀ ਗਰਭਪਾਤ ਅਤੇ ਕਤਲ ਦੇ ਇਲਜ਼ਾਮ ਨੇ ਬੀਬੀ ਜਗੀਰ ਕੌਰ ਦੇ ਸਿਆਸੀ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਇਸੇ ਕਾਰਨ ਬੀਬੀ ਨੂੰ ਐੱਸ.ਜੀ.ਪੀ.ਸੀ. ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ। 2004 ਵਿੱਚ ਬੀਬੀ ਜਗੀਰ ਕੌਰ ਇੱਕ ਵਾਰ ਫ਼ੇਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।ਸਿਆਸੀ ਕਰੀਅਰ ਵਿੱਚ  2012 ਵਿੱਚ ਉਨ੍ਹਾਂ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਹਰਾ ਕੇ ਭੁਲੱਥ ਵਿਧਾਨ ਸਭਾ ਹਲਕੇ 'ਤੇ ਕਬਜ਼ਾ ਕੀਤਾ। ਅਕਾਲੀ-ਭਾਜਪਾ ਸਰਕਾਰ 'ਚ ਦੂਜੀ ਵਾਰ ਕੈਬਨਿਟ ਮੰਤਰੀ ਬਣੇ ਬੀਬੀ ਜਗੀਰ ਕੌਰ ਨੂੰ ਮਹਿਜ਼ 17 ਦਿਨਾਂ ਵਿੱਚ ਹੀ ਅਸਤੀਫ਼ਾ ਦੇਣਾ ਪਿਆ ਸੀ।ਜਗੀਰ ਕੌਰ ਨੇ ਧੀ ਹਰਪ੍ਰੀਤ ਕੌਰ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਗਰਭਪਾਤ ਦੇ ਦੋਸ਼ ਤੈਅ ਹੋਣ ਤੋਂ ਬਾਅਦ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁੜੀ ਦੇ ਕਤਲ ਦੇ ਦੋਸ਼ਾਂ 'ਚ ਬੀਬੀ ਜਗੀਰ ਕੌਰ ਸਣੇ 4 ਮੁਲਜ਼ਮਾਂ ਨੂੰ ਸੀਬੀਆਈ ਕੋਰਟ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਫ਼ੈਸਲੇ ਖ਼ਿਲਾਫ ਬੀਬੀ ਜਗੀਰ ਕੌਰ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਤੇ ਅਦਾਲਤ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਅਤੇ ਬੀਬੀ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਸੀ।

ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਵਾਲੀ ਬੀਬੀ ਜਗੀਰ ਕੌਰ ਨੂੰ ਭਾਵੇਂ ਕਤਲ ਕੇਸ 'ਚੋਂ ਅਦਾਲਤ ਨੇ ਬਰੀ ਕਰ ਦਿੱਤਾ ਹੈ ਪਰ ਇਸ ਕਤਲ ਕੇਸ ਦਾ ਬੀਬੀ ਜਗੀਰ ਕੌਰ ਦੇ ਸਿਆਸੀ ਕਰੀਅਰ 'ਤੇ ਡੂੰਘਾ ਅਸਰ ਪਿਆ।ਬੀਬੀ ਲਈ ਧੀ ਦੀ ਮੌਤ ਕਾਫ਼ੀ ਨੁਕਸਾਨਦੇਹ ਸਾਬਿਤ ਹੋਈ।ਇਸ ਘਟਨਾ ਕਾਰਨ ਬੀਬੀ ਤੋਂ ਸੱਤਾ ਸੁੱਖ ਵੀ ਖੁੰਝ ਗਿਆ। ਇਸ ਕੇਸ ਨੇ ਬੀਬੀ ਜਗੀਰ ਨੂੰ ਦੋ ਵਾਰ ਸੱਤਾ ਤੋਂ ਬਾਹਰ ਕੀਤਾ । ਕਰੀਬ 12 ਸਾਲ ਬਾਅਦ ਬਾਦਲ ਸਰਕਾਰ ਨੇ ਬੀਬੀ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਸੀ ਪਰ ਇਹ ਕਾਰਜਕਾਲ ਸਿਰਫ਼ 17 ਦਿਨਾਂ ਦਾ ਹੀ ਰਿਹਾ। 


author

Harnek Seechewal

Content Editor

Related News