ਢੱਡਰੀਆਂ ਵਾਲਿਆਂ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੂੰ ਦਿਖਾਏ ਤਿੱਖੇ ਤੇਵਰ
Wednesday, Oct 20, 2021 - 10:52 PM (IST)
ਚੰਡੀਗੜ੍ਹ (ਟੱਕਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੀਤੀ ਬੇਤੁਕੀ ਟਿੱਪਣੀ ਦੀ ਨਿੰਦਾ ਕਰਦਿਆਂ ਇਸ ਸਬੰਧੀ ਮਤਾ ਪਾਸ ਕੀਤਾ ਜਿਸ ’ਤੇ ਢੱਡਰੀਆਂ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਤਿੱਖੇ ਤੇਵਰ ਦਿਖਾਉਂਦਿਆਂ ਆਪਣਾ ਬਿਆਨ ਸਪੱਸ਼ਟ ਕੀਤਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਵੀਰ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਬਿਆਨ ਜਾਰੀ ਕੀਤਾ ਸੀ ਕਿ ਸਿਰ ਤੋਂ ਮੋਨੇ ਸ਼ਰਧਾਲੂ ਗੁਰੂ ਘਰਾਂ ’ਚ ਬਣੇ ਦਰਬਾਰ ਸਾਹਿਬ ਵਿਚ ਤਾਂ ਹੀ ਜਾਣ ਜੇਕਰ ਉੱਥੇ ਵਿਅਕਤੀ ਹੋਣ ਜਾਂ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੇਵਲ ਢੱਡਰੀਆਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਗੱਲ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤਾ ਜੋ ਕਿ ਬਿਲਕੁਲ ਨਿਰਅਧਾਰ ਹੈ।
ਇਹ ਵੀ ਪੜ੍ਹੋ : ਭਾਜਪਾ ਮੰਤਰੀ ਨਾਲ ਨਿਹੰਗ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਢੱਡਰੀਆਂ ਵਾਲੇ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਤਾਂ ਹਮੇਸ਼ਾ ਭਾਰੀ ਗਿਣਤੀ ’ਚ ਸੰਗਤ ਰਹਿੰਦੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਇਸ ਲਈ ਮੇਰੇ ਵਲੋਂ ਦਿੱਤੇ ਬਿਆਨ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਨਾਲ ਜੋੜਨਾ ਬਿਲਕੁਲ ਨਿਰਅਧਾਰ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ਵਿਚ ਲੰਗਰ ਹਾਲ ਤੇ ਸਰੋਵਰ ਵੀ ਹੁੰਦਾ ਹੈ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ, ਉਸ ਨੂੰ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਹੈ, ਇਸ ਲਈ ਉਨ੍ਹਾਂ ਹਰਿਮੰਦਰ ਸਾਹਿਬ ਬਾਰੇ ਨਹੀਂ ਬਲਕਿ ਹੋਰਨਾਂ ਗੁਰੂ ਘਰਾਂ ’ਚ ਬਣੇ ਦਰਬਾਰ ਸਾਹਿਬ ਦੀ ਗੱਲ ਕੀਤੀ ਸੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਕਤਲ ਕੀਤੇ ਲਖਵੀਰ ਸਿੰਘ ਨੂੰ ਬੇਅਦਬੀ ਦੇ ਨਾਮ ’ਤੇ ਕਤਲ ਕੀਤਾ ਗਿਆ ਅਤੇ ਜਦੋਂ ਹੁਣ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਵਾਇਰਲ ਹੋਈਆਂ ਉਸ ਤੋਂ ਬਾਅਦ ਉਹ ਖੁੱਲ੍ਹ ਕੇ ਸਪੱਸ਼ਟੀਕਰਨ ਦੇਣ ਦੀ ਬਜਾਏ ਮੀਡੀਆ ਨੂੰ ਗੋਲਮੋਲ ਜਵਾਬ ਦੇ ਰਿਹਾ ਹੈ।
ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਦਾ ਅਸਤੀਫ਼ਾ ਮਨਜ਼ੂਰ
ਉਪ ਮੁੱਖ ਮੰਤਰੀ ਵਲੋਂ ਸਿੰਘੂ ਬਾਰਡਰ ਕਤਲ ਮਾਮਲੇ ਦੀ ਜਾਂਚ ਕਰਵਾਉਣਾ ਚੰਗਾ ਉਪਰਾਲਾ
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਿੰਘੂ ਬਾਰਡਰ ’ਤੇ ਲਖਵੀਰ ਸਿੰਘ ਕਤਲ ਮਾਮਲੇ ਦੀ ਜਾਂਚ ਕਰਵਾਉਣਾ ਬਹੁਤ ਹੀ ਚੰਗਾ ਉਪਰਾਲਾ ਹੈ ਕਿਉਂਕਿ ਜੇਕਰ ਸਰਕਾਰ ਤੇ ਸੀਬੀਆਈ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਤਲ ਘਟਨਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼ ਹੈ ਅਤੇ ਇਸ ਪਿੱਛੇ ਕਿਹੜੀਆਂ ਵੱਡੀਆਂ ਤਾਕਤਾਂ ਜਾਂ ਵਿਅਕਤੀ ਹਨ ਉਹ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਨੂੰ ਇਸ ਕਾਰਜ ਲਈ ਲਾਲਚ ਦੇ ਕੇ ਤਿਆਰ ਕੀਤਾ ਗਿਆ ਹੋ ਸਕਦਾ ਹੈ, ਇਸ ਲਈ ਇਹ ਵੱਡੀ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਪਤਨੀ ਨੇ ਘਰ ਤੇ ਪਤੀ ਨੇ ਥਾਣੇ ’ਚ ਕੀਤੀ ਖ਼ੁਦਕੁਸ਼ੀ, ਖਾਣੇ ’ਚ ਆਈ ਸਬਜੀ ਨਾਲ ਕੰਧ ’ਤੇ ਲਿਖਿਆ ਸੁਸਾਇਡ ਨੋਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?