ਧੀ ਦੇ ਕਤਲ ਮਾਮਲੇ 'ਚ ਬੀਬੀ ਜਗੀਰ ਕੌਰ ਨੂੰ ਵੱਡੀ ਰਾਹਤ, ਸਜ਼ਾ ਮੁਆਫ (ਵੀਡੀਓ)

12/04/2018 11:02:10 AM

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮੰਗਲਵਾਰ ਨੂੰ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ਸਬੰਧੀ ਵੱਡੀ ਰਾਹਤ ਦਿੰਦਿਆਂ ਆਪਣਾ ਫੈਸਲਾ ਸੁਣਾ ਦਿੱਤਾ ਹੈ। ਹਾਈਕੋਰਟ ਨੇ ਸੀ. ਬੀ. ਆਈ. ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ਦੇ ਤਹਿਤ ਸੀ. ਬੀ. ਆਈ. ਅਦਾਲਤ ਨੇ ਬੀਬੀ ਜਗੀਰ ਕੌਰ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਬੀਬੀ ਜਗੀਰ ਕੌਰ ਸਮੇਤ ਹੋਰਾਂ ਨੂੰ ਵੀ ਇਸ ਕੇਸ 'ਚ ਬਰੀ ਕਰ ਦਿੱਤਾ ਹੈ। 
ਜਾਣੋ ਕੀ ਹੈ ਪੂਰਾ ਮਾਮਲਾ
ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਉਰਫ ਰੋਜ਼ੀ ਦੀ 20 ਅਪ੍ਰੈਲ, 2000 ਦੀ ਰਾਤ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। 21 ਅਪ੍ਰੈਲ ਨੂੰ ਬੀਬੀ ਦੇ ਜੱਦੀ ਪਿੰਡ ਬੇਗੋਵਾਲ 'ਚ ਹਰਪ੍ਰੀਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਬੇਗੋਵਾਲ ਵਾਸੀ ਕਮਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਹਰਪ੍ਰੀਤ ਦਾ ਪਤੀ ਹੈ ਅਤੇ ਹਰਪ੍ਰੀਤ ਗਰਭਵਤੀ ਸੀ। 27 ਅਪ੍ਰੈਲ ਨੂੰ ਕਮਲਜੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ। ਹਾਈਕੋਰਟ ਨੇ 9 ਜੂਨ ਨੂੰ ਸੀ. ਬੀ. ਆਈ. ਨੂੰ ਇਸ ਕੇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ।
ਸੀ. ਬੀ. ਆਈ. ਨੇ 3 ਅਕਤੂਬਰ, 2000 ਨੂੰ ਬੀਬੀ ਜਗੀਰ ਕੌਰ, ਪਰਮਜੀਤ ਸਿੰਘ ਰਾਏਪੁਰ, ਸੱਤਿਆ ਦੇਵੀ, ਦਲਵਿੰਦਰ ਕੌਰ ਢੇਸੀ, ਹਰਵਿੰਦਰ ਸਿੰਘ, ਸੰਜੀਵ ਕੁਮਾਰ, ਡਾ. ਬਲਵਿੰਦਰ ਸਿੰਘ ਸੋਹਲ ਅਤੇ ਏ. ਐੱਸ. ਆਈ. ਨਿਸ਼ਾਨ ਸਿੰਘ ਦੇ ਖਿਲਾਫ ਕਤਲ, ਜਬਰਨ ਗਰਭਪਾਤ ਕਰਨ ਅਤੇ ਕਤਲ ਦੀ ਸਾਜਿਸ਼ ਰਚਣ ਦੀਆਂ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ 30 ਮਾਰਚ, 2012 ਨੂੰ ਬੀਬੀ ਜਗੀਰ ਕੌਰ ਸਮੇਤ ਹੋਰਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ 'ਚ ਪੁੱਜਿਆ ਅਤੇ ਮਾਮਲੇ ਸਬੰਧੀ ਮੰਗਲਵਾਰ ਨੂੰ ਅਦਾਲਤ ਨੇ ਬੀਬੀ ਜਗੀਰ ਕੌਰ ਨੂੰ ਬਰੀ ਕਰ ਦਿੱਤਾ।


Babita

Content Editor

Related News