ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰ੍ਹਾਂ ਯਤਨਸ਼ੀਲ : ਬੀਬੀ ਜਗੀਰ ਕੌਰ

12/26/2020 3:41:00 PM

ਪਟਿਆਲਾ (ਜੋਸਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਬੀਬੀ ਜਗੀਰ ਕੌਰ ਅੱਜ ਇੱਥੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੱਲੋਂ ਉਨ੍ਹਾਂ ਦੇ ਰਖਵਾਏ ਗਏ ਸਨਮਾਨ ਸਮਾਰੋਹ ਤੋਂ ਬਾਅਦ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੀਬੀ ਕੁਲਦੀਪ ਕੌਰ ਟੌਹੜਾ ਐਸ. ਜੀ. ਪੀ. ਸੀ. ਮੈਂਬਰ, ਸਤਵਿੰਦਰ ਸਿੰਘ ਟੌਹੜਾ ਐਸ. ਜੀ. ਪੀ. ਸੀ. ਮੈਂਬਰ, ਰਣਬੀਰ ਕੌਰ ਅਬਲੋਵਾਲ, ਸ਼ਿਵਰਾਜ ਸਿੰਘ ਵਿਰਕ, ਭਗਵਾਨ ਸਿੰਘ ਲਾਲੀ ਪੰਨੂ, ਦਵਿੰਦਰ ਸਿੰਘ, ਅਮਨਦੀਪ ਸਿੰਘ ਘੱਗਾ ਅਤੇ ਹੋਰ ਵੀ ਨੇਤਾ ਹਾਜ਼ਰ ਸਨ। ਬੀਬੀ ਜਗੀਰ ਕੌਰ ਨੇ ਇਸ ਮੌਕੇ ਆਖਿਆ ਕਿ ਕਿਸਾਨ ਅੰਦੋਲਨ ਦੇਸ਼ ਦਾ ਸਾਂਝਾ ਸੰਘਰਸ਼ ਹੈ ਅਤੇ ਅਸੀਂ ਇਸ ਔਖੀ ਘੜੀ 'ਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਸਮੁੱਚੇ ਦੇਸ਼ ਦੇ ਅੰਨਦਾਤਾ ਹਨ। ਇਸ ਲਈ ਕਿਸਾਨਾਂ ਨੂੰ ਅੱਜ ਰੋਲ੍ਹਣਾ ਬਿਲਕੁਲ ਗਲਤ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸ. ਜੀ. ਪੀ. ਸੀ. ਨੇ ਹਮੇਸ਼ਾ ਹੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਤੇ ਇਸ ਸਮੇਂ ਵੀ ਅਸੀਂ ਕਿਸੇ ਦੀ ਧੱਕਾਸ਼ਾਹੀ ਸਹਿਣ ਨਹੀਂ ਕਰਾਂਗੇ।

ਉਨ੍ਹਾਂ ਆਖਿਆ ਕਿ ਐਸ. ਜੀ. ਪੀ. ਸੀ. ਦੇ ਧਰਮ ਪ੍ਰਚਾਰ ਵਿੰਗ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰਚਾਰ ਦੀ ਗੱਲ ਵੱਲ ਗੰਭੀਰਤਾ ਨਾਲ ਧਿਆਨ ਦੇਣ। ਉਨ੍ਹਾਂ ਆਖਿਆ ਕਿ ਐਸ. ਜੀ. ਪੀ. ਸੀ. ਸਿੱਖ ਸੰਗਤ ਦੀ ਸੇਵਾ ਲਈ ਬਣੀ ਹੈ ਅਤੇ ਇਹ ਸੇਵਾ ਬਾਖੂਬੀ ਜਾਰੀ ਰਹੇਗੀ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਬੀਬੀ ਜਗੀਰ ਕੌਰ ਦੇ ਐਸ. ਜੀ. ਪੀ. ਸੀ. ਦਾ ਪ੍ਰਧਾਨ ਬਣਨ ਨਾਲ ਐਸ. ਜੀ. ਪੀ. ਸੀ. ਦੇ ਕੰਮ 'ਚ ਹੋਰ ਪਾਰਦਰਸ਼ਤਾ ਆਵੇਗੀ। ਉਨ੍ਹਾਂ ਸਮੁੱਚੇ ਐਸ. ਜੀ. ਪੀ. ਸੀ. ਮੈਂਬਰਾਂ ਦਾ ਅਤੇ ਪਾਰਟੀ ਪ੍ਰਧਾਨ ਦਾ ਇਸ ਨਿਯੁਕਤੀ ਲਈ ਦਿਲੋਂ ਧੰਨਵਾਦ ਕੀਤਾ।


Babita

Content Editor

Related News