ਸੁਖਪਾਲ ਖਹਿਰਾ ਤੇ ਕੈਪਟਨ ਸਰਕਾਰ ''ਤੇ ਵਰ੍ਹੀ ਬੀਬੀ ਜਗੀਰ ਕੌਰ (ਵੀਡੀਓ)
Wednesday, Jan 22, 2020 - 07:08 PM (IST)
ਬੇਗੋਵਾਲ (ਰਜਿੰਦਰ ਕੁਮਾਰ)— ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਲਕਾ ਭੁਲੱਥ 'ਚ ਪਲੈਨ (ਵੱਡੀਆਂ) ਸੜਕਾਂ ਦੀ ਹਾਲਤ ਇਸ ਵੇਲੇ ਬਹੁਤ ਮਾੜੀ ਹੈ ਅਤੇ ਸਿਰਫ ਨਡਾਲਾ-ਬੇਗੋਵਾਲ ਸੜਕ ਦਾ ਟੈਂਡਰ 27 ਜਨਵਰੀ ਨੂੰ ਖੁਲ੍ਹੇਗਾ। ਇਸ ਤੋਂ ਇਲਾਵਾ ਇਕ ਹੋਰ ਟੈਂਡਰ ਲੱਗਾ ਸੀ, ਜੋ 16 ਤਰੀਕ ਨੂੰ ਨਹੀਂ ਖੁੱਲ੍ਹ ਸਕਿਆ। ਐਕਸੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਰੂਲਿੰਗ ਹੈ ਕਿ ਸਿੰਗਲ ਟੈਂਡਰ ਨਹੀਂ ਖੁੱਲ ਸਕਦਾ। ਪਰ ਸੁਖਪਾਲ ਖਹਿਰਾ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਸਾਰੀਆਂ ਸੜਕਾਂ ਦੇ ਟੈਂਡਰ ਲੱਗੇ ਹਨ, ਉਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਸਿਰਫ ਹੁਣ ਮੌਜੂਦਾ ਸਮੇਂ 'ਚ ਇਕ ਟੈਂਡਰ ਹੀ ਹੈ, ਜੋ 27 ਨੂੰ ਖੁਲ੍ਹੇਗਾ ਅਤੇ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਟੈਂਡਰ ਮੌਜੂਦਾ ਸਮੇਂ 'ਚ ਹੈ ਤਾਂ ਸੁਖਪਾਲ ਖਹਿਰਾ ਉਸ ਨੂੰ ਸਾਬਤ ਕਰੇ ਕਿ ਟੈਂਡਰ ਇਸ ਵੇਲੇ ਕਿਹੜੀ ਵੈਬਸਾਈਟ 'ਤੇ ਹਨ ਅਤੇ ਇਨ੍ਹਾਂ ਦਾ ਨੰਬਰ ਕੀ ਹੈ।
ਬੀਬੀ ਜਗੀਰ ਕੌਰ ਅੱਜ ਬੇਗੋਵਾਲ ਦੀ ਮੀਖੋਵਾਲ ਪਾਰਕ 'ਚ ਇਲਾਕੇ ਦੀਆਂ ਟੁੱਟੀਆਂ ਸੜਕਾਂ 'ਤੇ ਚਿੰਤਨ ਕਰਨ ਵੱਖ-ਵੱਖ ਪਾਰਟੀਆਂ ਦੀ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਪੀ. ਡਬਲਿਊ. ਡੀ. ਵਿਭਾਗ ਦੇ ਚੀਫ ਇੰਜੀਨੀਅਰ ਅਤੇ ਸੀਨੀਅਰ ਅਫਸਰਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਨ੍ਹਾਂ ਟੈਂਡਰਾਂ ਬਾਰੇ ਪ੍ਰੈੱਸ ਰਾਹੀਂ ਸਥਿਤੀ ਸਪੱਸ਼ਟ ਕਰਨ।
ਸੂਬੇ ਦੀ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਹਲਕਾ ਭੁਲੱਥ ਦੀਆਂ ਪਲੈਨ (ਵੱਡੀਆਂ) ਸੜਕਾਂ 'ਤੇ 38 ਕਰੋੜ ਰੁਪਏ ਖਰਚੇ ਗਏ ਸਨ, ਪਰ ਹੁਣ ਕਾਂਗਰਸ ਨੇ ਆਪਣੇ ਤਿੰਨ ਸਾਲ ਦੇ ਰਾਜ 'ਚ ਹਲਕੇ ਦੀਆਂ ਪਲੈਨ ਸੜਕਾਂ 'ਤੇ ਇਕ ਵੀ ਰੁਪਇਆ ਨਹੀਂ ਖਰਚਿਆ। ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹਲਕੇ ਦੀਆਂ ਪਲੈਨ (ਵੱਡੀਆਂ) ਸੜਕਾ ਜਿਵੇਂ ਹਮੀਰਾ ਤੋਂ ਭੁਲੱਥ ਨੂੰ ਢਾਈ ਕਰੋੜ, ਭੁਲੱਥ ਤੋਂ ਭੋਗਪੁਰ ਨੂੰ 1 ਕਰੋੜ 60 ਲੱਖ, ਨਡਾਲਾ ਤੋਂ ਢਿੱਲਵਾਂ ਸੜਕ ਨੂੰ ਚਾਰ ਕਰੋੜ 50 ਲੱਖ , ਨਡਾਲਾ ਤੋਂ ਬੇਗੋਵਾਲ-ਮਿਆਣੀ ਸੜਕ ਨੂੰ ਸਾਢੇ 5 ਕਰੋੜ, ਸੁਭਾਨਪੁਰ ਤੋਂ ਨਡਾਲਾ-ਭੁਲੱਥ ਸੜਕ ਨੂੰ 23 ਫੁੱਟ ਚੌੜਾ ਕਰਕੇ ਸਵਾ 6 ਕਰੋੜ, ਭੁਲੱਥ ਤੋਂ ਬੇਗੋਵਾਲ ਨੂੰ ਸਵਾ ਤਿੰਨ ਕਰੋੜ, ਭਦਾਸ ਤੋਂ ਮਕਸੂਦਪੁਰ ਸੜਕ ਨੂੰ 10 ਤੋਂ 18 ਫੁੱਟ ਚੌੜਾ ਕਰਕੇ ਇੱਕ ਕਰੋੜ 10 ਲੱਖ, 2016-17 'ਚ ਭੁਲੱਥ ਤੋਂ ਕਰਤਾਰਪੁਰ ਸੜਕ ਨੂੰ 4 ਕਰੋੜ 90 ਲੱਖ, ਬੇਗੋਵਾਲ ਤੋਂ ਭਟਨੂਰਾ ਸੜਕ ਨੂੰ ਤਿੰਨ ਕਰੋੜ 15 ਲੱਖ ਰੁਪਏ ਦੀ ਲਾਗਤ ਸਮੇਤ ਅਨੇਕਾਂ ਸੜਕਾਂ ਨੂੰ ਬਣਵਾਇਆ ਗਿਆ ਸੀ। ਪਰ ਜੇਕਰ ਇਨ੍ਹਾਂ 'ਚੋਂ ਕੁਝ ਟੁੱਟ ਗਈਆਂ ਹਨ ਤਾਂ ਇਸ 'ਚ ਮੇਰਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਪੰਜ ਸਾਲ ਬਾਅਦ ਪਲੈਨ ਸੜਕਾਂ ਦੀ ਸਰਕਾਰ ਨੇ ਰਿਪੇਅਰ ਕਰਨੀ ਹੁੰਦੀ ਹੈ, ਪਰ ਸੂਬੇ ਦੀ ਕਾਂਗਰਸ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵੇਲੇ ਪੂਰੇ ਪੰਜਾਬ 'ਚੋਂ ਬੇਗੋਵਾਲ 'ਚ ਅਕਾਲੀ ਦਲ ਦੀ ਕਮੇਟੀ ਬਣੀ ਸੀ ਅਤੇ ਇਸ ਨੂੰ ਸਬਕ ਸਿਖਾਉਣ ਲਈ ਕਾਂਗਰਸ ਸਰਕਾਰ ਨੇ ਟੀਚਾ ਮਿੱਥਿਆ ਹੋਇਆ ਹੈ। ਇਥੋਂ ਦੇ ਮਤਿਆਂ ਨੂੰ ਪ੍ਰਵਾਨਗੀ ਲਈ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ ਅਤੇ ਅਬਜੈਕਸ਼ਨ ਲੱਗੇ ਰਹਿੰਦੇ ਹਨ। ਇਸ ਤੋਂ ਇਲਾਵਾ ਸੀਵਰੇਜ ਦੀ ਸਫਾਈ ਵਾਲੀ ਜੈਟਿੰਗ ਮਸ਼ੀਨ ਖਰੀਦਣ ਲਈ 2018 'ਚ ਮੈਂ ਨਗਰ ਪੰਚਾਇਤ ਨੂੰ 30 ਲੱਖ ਰੁਪਇਆ ਲੈ ਕੇ ਦਿੱਤਾ ਸੀ ਪਰ ਇਸ 'ਚ ਵੀ ਅੜਚਨਾਂ ਪਾਈਆਂ ਜਾ ਰਹੀਆਂ ਹਨ। ਪਿਛਲੀ ਅਪ੍ਰੈਲ 'ਚ ਸੂਬਾ ਸਰਕਾਰ ਨੇ ਨਗਰ ਪੰਚਾਇਤ ਬੇਗੋਵਾਲ ਲਈ 50 ਲੱਖ ਰੁਪਏ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਇਕ ਰੁਪਇਆ ਨਹੀਂ ਆਇਆ। ਅਸੀ ਪੈਸੇ ਨਹੀਂ ਮੰਗਦੇ ਪਰ ਪਹਿਲਾਂ ਪਏ ਪੈਸੇ ਖਰਚਣ ਲਈ ਮਨਜ਼ੂਰੀਆਂ ਮੰਗਦੇ ਹਾਂ।
ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਹੈ ਕਿ 27 ਜਨਵਰੀ ਨੂੰ ਬੇਗੋਵਾਲ-ਨਡਾਲਾ ਸੜਕ ਦਾ ਟੈਂਡਰ ਖੁੱਲਣਾ ਹੈ ਅਤੇ ਜੇਕਰ ਸਰਕਾਰ ਨੇ 15 ਦਿਨਾਂ 'ਚ ਕੰਮ ਸ਼ੁਰੂ ਨਾ ਕੀਤਾ ਤਾਂ ਅਸੀਂ ਪਿੰਡ ਵਾਸੀਆਂ ਕੋਲੋਂ ਉਗਰਾਹੀ ਕਰਕੇ ਬੇਗੋਵਾਲ ਸ਼ਹਿਰ ਨੂੰ ਮਜ਼ਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਇਥੇ ਸੱਦਿਆ ਸੀ ਪਰ ਇਥੇ ਕੋਈ ਕਾਂਗਰਸੀ ਨਹੀਂ ਆਇਆ। ਮੀਟਿੰਗ ਦੌਰਾਨ ਇਲਾਕੇ ਭਰ ਦੇ ਲੋਕਾਂ ਨੇ ਸੰਬੋਧਨ ਕਰਦਿਆਂ ਆਪੋ-ਆਪਣੇ ਵਿਚਾਰ ਵੀ ਰੱਖੇ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਜਥੇ. ਸਵਰਨ ਸਿੰਘ ਜੋਸ਼, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ, ਕੌਂਸਲਰ ਦਲਜੀਤ ਸਿੰਘ ਖਾਲਸਾ, ਕੌਂਸਲਰ ਦਲਜੀਤ ਕੌਰ, ਕੌਂਸਲਰ ਪਲਵਿੰਦਰ ਕੌਰ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਕੈਪਟਨ ਬਲਕਾਰ ਸਿੰਘ, ਕੌਂਸਲਰ ਜਗਜੀਤ ਸਿੰਘ, ਰਾਜਵਿੰਦਰ ਸਿੰਘ ਜੈਦ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।