ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਫਟਕਾਰ, ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਇਹ ਮੰਗ

Saturday, Feb 17, 2024 - 06:32 PM (IST)

ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਫਟਕਾਰ, ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਇਹ ਮੰਗ

ਅੰਮ੍ਰਿਤਸਰ (ਵੈੱਬ ਡੈਸਕ/ਸਰਬਜੀਤ): ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਜਿਥੇ ਉਨ੍ਹਾਂ ਨੇ ਆਪਣੇ ਹੱਕ ਲਈ ਲੜ ਰਹੇ ਕਿਸਾਨਾਂ ਵਾਸਤੇ ਅਰਦਾਸ ਕੀਤੀ। ਇਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣੇ MSP ਦੇ ਵਾਅਦੇ ਤੋਂ ਮੁੱਕਰ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਤੇ ਜਦੋਂ ਅੱਜ ਕਿਸਾਨ ਆਪਣੀਆਂ ਮੰਗਾਂ ਲਈ ਮੁੜ ਤੋਂ ਸੜਕਾਂ ‘ਤੇ ਉੱਤਰਿਆ ਹੈ ਤਾਂ ਸਰਕਾਰਾਂ ਉਨ੍ਹਾਂ ‘ਤੇ ਤਸ਼ੱਦਦ ਕਰ ਰਹੀਆਂ ਹਨ, ਜੋ ਬਹੁਤ ਅਫ਼ਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ 'ਤੇ ਸਬ ਕਮੇਟੀ ਬਣਾਉਂਣ ਲਈ ਵਾਅਦਾ ਕੀਤਾ ਸੀ ਜੋ ਹੁਣ ਤੱਕ ਪੂਰਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਸ ਕਰਕੇ ਕਿਸਾਨਾਂ ਨੇ ਮੁੜ ਤੋਂ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪਣੀ ਆਵਾਜ਼ ਉਠਾਉਂਣ ਦਾ ਅਧਿਕਾਰ ਹਰ ਕਿਸੇ ਨੂੰ ਹੈ ਜੇਕਰ ਕਿਸਾਨ ਆਪਣੀ ਆਵਾਜ਼ ਨੂੰ ਉਠਾ ਰਹੇ ਹਨ ਤਾਂ ਕੇਂਦਰ ਅਜਿਹਾ ਵਿਵਹਾਰ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਰਾਜਧਾਨੀ (ਦਿੱਲੀ) ਜਾਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਦੇ ਕਿਸਾਨਾਂ ਦੇ ਵਾਰ ਕਰਕੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੌਜੂਦਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਜਿਵੇਂ ਕਿ ਚੀਨ-ਪਾਕਿਸਤਾਨ ਦੀ ਸਰਹੱਦ 'ਤੇ ਅੱਤਵਾਦੀਆਂ ਨਾਲ ਲੜਾਈ ਵਰਗੇ ਬਣੇ ਹੋਣ, ਜਿਸ 'ਚ 100 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਹਨ ਅਤੇ ਇਕ ਦੀ ਮੌਤ ਵੀ ਹੋ ਗਈ। ਹਰਿਆਣੇ ਵੱਲੋਂ ਪੰਜਾਬ ਦੇ ਇਲਾਕੇ ਵਿੱਚ ਡਰੋਨਾਂ ਰਾਹੀਂ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਬੀਬਾ ਹਰਸਿਮਰਤ ਬਾਦਲ ਨੇ ਕਿਹਾ ਕਿ 2004 'ਚ ਕਾਂਗਰਸ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਅਤੇ ਅੱਜ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਹੱਕ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਸਰਕਾਰਾਂ ਝੂਠੇ ਵਾਅਦੇ ਕਰਕੇ ਵੋਟਾਂ ਲੈਂਦੀ ਹੈ ਅਤੇ ਮੰਗਾਂ ਪੂਰੀਆਂ ਕਰਨ ਸਮੇਂ ਮੁਕਰ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਟਿਊਬਵੈੱਲ ਮੋਟਰਾਂ ਦੇ ਕੁਨੈਕਸ਼ਨ, ਮੋਟਰਾਂ ਦੇ ਮੁਫ਼ਤ ਬਿੱਲ ਆਦਿ ਸਭ ਕੁਝ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਦਿੱਤਾ ਗਿਆ। ਅਕਾਲੀ  ਦਲ ਨੇ ਝੂਠੇ ਬੋਲ ਕੇ ਬਾਕੀ ਸਰਕਾਰਾਂ ਦੀ ਤਰ੍ਹਾਂ ਰਾਜਨੀਤੀ ਨਹੀਂ ਕੀਤੀ । 

ਇਹ ਵੀ ਪੜ੍ਹੋ :ਹਰਿਆਣਾ ਪੁਲਸ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ 'ਤੇ ਨਵਜੋਤ ਸਿੱਧੂ ਦੀ CM ਮਾਨ ਨੂੰ ਖ਼ਾਸ ਅਪੀਲ

ਉਨ੍ਹਾਂ ਕਿਹਾ ਕਿ ਭਾਜਪਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਤੁਹਾਡੇ ਨਾਲ 30 ਸਾਲਾ ਦਾ ਗਠਜੋੜ ਤੋੜਿਆ ਸੀ ਕਿਉਂਕਿ ਤੁਸੀਂ ਕਿਸਾਨਾਂ ਦੀ ਮੰਗਾਂ ਨੂੰ ਨਕਾਰਿਆ ਸੀ ਅਤੇ ਨਾ ਹੀ ਸਾਡੀ ਗੱਲ ਮੰਨੀ ਸੀ। ਉਨ੍ਹਾਂ ਕਿਹਾ ਅੱਜ ਫਿਰ ਬੇਨਤੀ ਕਰੇ ਰਹੇ ਹਾਂ ਕਿ ਉਹ ਦਿਨ ਦੁਬਾਰਾ ਨਾ ਆਣ ਦਿਓ ਅਤੇ ਕਿਸਾਨਾਂ ਨੂੰ ਸ਼ਹੀਦ ਹੋਣ 'ਤੇ ਮਜ਼ਬੂਰ ਨਾ ਕਰੋ। ਜੋ ਤਸ਼ੱਦਦ ਤੁਸੀਂ ਕਰ ਰਹੇ ਹੋ ਉਹ ਪੂਰੀ ਦੁਨੀਆ ਦੇਖ ਰਹੀ ਹੈ ਜੋ ਕਿ ਬਹੁਤ ਸ਼ਰਮਨਾਕ ਚੀਜ਼ ਹੈ। ਇਸ ਦੌਰਾਨ ਉਨ੍ਹਾਂ ਕਿਹਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਲਦੀ ਹੀ ਕਿਸਾਨਾਂ ਦਾ ਮਸਲਾ ਹੱਲ ਹੋ ਜਾਵੇਗਾ ਅਤੇ ਉਮੀਦ ਹੈ ਕਿ ਕੱਲ ਐਤਵਾਰ ਨੂੰ ਮੀਟਿੰਗ ਹੋਵੇਗੀ ਉਸ ਵਿਚ ਸਾਰੇ ਮਸਲੇ ਹੱਲ ਹੋ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News