ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਭਾਣਜੇ ਖ਼ਿਲਾਫ਼ ਈ. ਡੀ. ਨੇ ਦਾਇਰ ਕੀਤੀ ਚਾਰਜਸ਼ੀਟ
Sunday, Apr 03, 2022 - 03:56 PM (IST)
ਜਲੰਧਰ (ਸੋਨੂੰ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਖ਼ਿਲਾਫ਼ ਈ. ਡੀ. ਵੱਲੋਂ ਜਲੰਧਰ ਦੇ ਸੈਸ਼ਨ ਕੋਰਟ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮਾਣਯੋਗ ਅਦਾਲਤ ਨੇ ਇਸ ਚਾਰਜਸ਼ੀਟ ਦੀ ਸੁਣਵਾਈ 6 ਤਾਰੀਖ਼ ਨੂੰ ਕਰਨੀ ਹੈ।
ਇਸ ਸਬੰਧੀ ਜਦੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਇਨ੍ਹਾਂ ਏਜੰਸੀਆਂ ’ਤੇ ਸ਼ੱਕ ਨਹੀਂ ਕਰਦਾ ਪਰ ਜਦੋਂ ਕੋਈ ਅਜਿਹੀ ਗੱਲ ਚੋਣਾਂ ਦੇ ਸਮੇਂ ਆਉਂਦੀ ਹੈ ਤਾਂ ਇਹ ਏਜੰਸੀਆਂ ਸ਼ੱਕ ਦੇ ਦਾਇਰੇ ’ਚ ਆ ਜਾਂਦੀਆਂ ਹਨ। ਮੇਰਾ ਖਿਆਲ ਹੈ ਕਿ ਕੰਮ ਪਾਰਦਰਸ਼ਿਤਾ ਨਾਲ ਹੋਣਾ ਚਾਹੀਦਾ ਹੈ, ਭਾਵੇਂ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ ਜਾਂ ਫਿਰ ਕਿਸੇ ਪਾਰਟੀ ਦੇ ਨਾਲ ਹੀ ਕਿਉਂ ਨਾ ਸੰਬੰਧ ਰੱਖਦਾ ਹੋਵੇ। ਡੈਮੋਕ੍ਰਸੀ ਇਹ ਕਹਿੰਦੀ ਹੈ ਕਿ ਦੁਨੀਆ ’ਚ ਫੇਅਰ ਟ੍ਰਾਇਲ ਹੋਵੇ, ਭਾਵੇਂ ਕਿਸੇ ਦੇ ਨਾਲ ਵੀ ਹੋਵੇ, ਉਸ ’ਚ ਜੋ ਵੀ ਫੇਅਰਨੈੱਸ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ
ਪੰਜਾਬ ’ਚ ਬਿਜਲੀ ਸੰਕਟ ’ਤੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਇਥੇ ਕੋਲਾ ਖ਼ਤਮ ਹੈ ਅਤੇ ਭਗਵੰਤ ਮਾਨ ਗੁਜਰਾਤ ’ਚ ਚਰਖ਼ਾ ਚਲਾ ਰਹੇ ਹਨ ਜਦਕਿ ਪੰਜਾਬ ’ਚ ਭਗਤ ਸਿੰਘ ਦੀ ਗੱਲ ਕਰਦੇ ਹਨ। ਅੱਗੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਸੂਬੇ ਨੂੰ ਵੇਖਣਾ ਚਾਹੀਦਾ ਹੈ। ਸਿੱਧੂ ਦੇ ਖ਼ਾਸ ਇਮਰਾਨ ਖ਼ਾਨ ਖ਼ਿਲਾਫ਼ ਪਾਕਿਸਤਾਨ ’ਚ ਆਏ ਬੇਭਰੋਸਗੀ ਮਤੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਮਾਮਲਾ ਹੈ ਅਤੇ ਸਾਨੂੰ ਇੰਟਰਨਲੀ ਉਸ ਦੀ ਇੰਨੀ ਸਮਝ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ