ਭੁੱਲੇਵਾਲ ਰਾਠਾਂ ਦਾ ਰਾਜੇਵਾਲ ’ਤੇ ਤੰਜ਼, ਕਿਹਾ-ਕਿਸਾਨ ਸੰਘਰਸ਼ ਨਾਲੋਂ ਜ਼ਿਆਦਾ ਕਾਂਗਰਸ ਦੇ ਹਿੱਤਾਂ ਦੀ ਲੱਗੀ ਤੜਫ਼
Monday, Sep 13, 2021 - 04:47 PM (IST)
ਗੜ੍ਹਸ਼ੰਕਰ (ਸ਼ੋਰੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅੱਜ ਵਿਸ਼ੇਸ਼ ਮੁਲਾਕਾਤ ਦੌਰਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ’ਤੇ ਤੰਜ਼ ਕੱਸਦਿਆਂ ਕਿਹਾ ਕਿ ਇਸ ਆਗੂ ਨੂੰ ਹੁਣ ਕਿਸਾਨ ਸੰਘਰਸ਼ ਦੀ ਬਜਾਏ ਕਾਂਗਰਸ ਦੇ ਹਿੱਤਾਂ ਦੀ ਜ਼ਿਆਦਾ ਤੜਫ਼ ਲੱਗੀ ਹੋਈ ਹੈ, ਇਸ ਲਈ ਰਾਜੇਵਾਲ ਨੂੰ ਕਾਂਗਰਸ ’ਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਤਾਂ ਜੋ ਪਰਦੇ ਹੇਠ ਲੁਕਿਆ ਸੱਚ ਜਗ ਜ਼ਾਹਿਰ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਰਾਜੇਵਾਲ ਜਿਸ ਤਰ੍ਹਾਂ ਆਪਣੀਆ ਵਿਅਕਤੀਗਤ ਨੀਤੀਆਂ ਸੰਯੁਕਤ ਕਿਸਾਨ ਮੋਰਚੇ ਰਾਹੀਂ ਲਾਗੂ ਕਰਵਾ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਰਾਜੇਵਾਲ ਕਾਂਗਰਸ ਲਈ ਕੰਮ ਕਰ ਰਿਹਾ ਹੈ, ਇਸ ਕਾਰਨ ਕਿਸਾਨ ਸੰਘਰਸ਼ ਨੂੰ ਢਾਅ ਲੱਗ ਰਹੀ ਹੈ ਤੇ ਸੰਘਰਸ਼ ਕਮਜ਼ੋਰ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਪੱਤਰਕਾਰ ਮਿਲਣੀ ਦੌਰਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ਾਮ ਚੁਰਾਸੀ ਹਲਕੇ ਤੋਂ ਬੀਬੀ ਜੋਸ਼ ਨੂੰ ਆਜ਼ਾਦ ਚੋਣ ਨਾ ਲੜਨ ਸਬੰਧੀ ਅਸੀਂ ਮਨ੍ਹਾ ਲਵਾਂਗੇ। ਦਸੂਹਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਆਗੂ ਬੀਬੀ ਸਾਹੀ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਕਿਹੜੀਆਂ ਸ਼ਰਤਾਂ ’ਤੇ ਸ਼ਾਮਲ ਕੀਤਾ ਗਿਆ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਹਾਈਕਮਾਂਡ ਦਾ ਵਿਸ਼ਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ-ਦੂਜੇ ਨੂੰ ਸੀਟਾਂ ਦੇਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਐਲਾਨਣ ਸੰਬਧੀ ਉਨ੍ਹਾਂ ਕਿਹਾ ਕਿ ਸਲਾਹ ਨਾਲ ਅਦਲਾ-ਬਦਲੀ ਹੋ ਜਾਵੇ ਤਾਂ ਕੋਈ ਹਰਜ਼ ਨਹੀਂ। ਉਨ੍ਹਾਂ ਨਾਲ ਹੀ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ’ਚ ਹੁਣ ਕਿਸੇ ਵੀ ਸੀਟ ’ਤੇ ਰੱਦੋਬਦਲ ਵਾਲੀ ਗੱਲਬਾਤ ਰਹੀ ਨਹੀਂ ਹੈ।
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੀਆਂ ਅਨੇਕਾਂ ਸਮੱਸਿਆਵਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਨੂੰ ਪੱਕੇ ਤੌਰ ’ਤੇ ਅੱਖੋਂ ਓਹਲੇ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਅਕਾਲੀ ਸਰਕਾਰ ਨੇ ਸ਼ੁਰੂ ਕਰਵਾਏ ਸਨ, ਉਨ੍ਹਾਂ ਨੂੰ ਕਾਂਗਰਸ ਮੁਕੰਮਲ ਤੱਕ ਨਹੀਂ ਕਰਵਾ ਸਕੀ, ਨਵੇਂ ਕੰਮਾਂ ਦੀ ਸ਼ੁਰੂਆਤ ਕਰਨਾ ਤਾਂ ਕਾਂਗਰਸ ਲਈ ਬੇਮਾਇਨੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਵਿਕਾਸ ਦੀ ਆਸ ਕਰਨਾ ਇੱਲਾਂ ਦੇ ਆਲ੍ਹਣੇ ’ਚੋਂ ਮਾਸ ਲੱਭਣ ਬਰਾਬਰ ਹੈ। ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਕਦੇ ਵੀ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਅੰਦਰ ਆਏ ਤਾਂ ਉਨ੍ਹਾਂ ਦਾ ਡਟ ਕੇ ਵਿਰੋਧ ਹੀ ਨਹੀਂ ਬਲਕਿ ਘਿਰਾਓ ਕੀਤਾ ਜਾਵੇਗਾ ਕਿਉਂਕਿ ਇਸ ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਅੰਦਰ ਕੋਈ ਕੰਮ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਅਨੇਕਾਂ ਆਗੂ ਯੋਗੇਸ਼ ਵਾਲੀਆ, ਅੰਗਰੇਜ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ ਪਦਰਾਣਾ, ਸੋਹਣ ਸਿੰਘ, ਤਰਲੋਕ ਸਿੰਘ ਨਾਗਪਾਲ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਬਸਿਆਲਾ, ਕਿ੍ਰਸ਼ਨ ਬੱਧਣ, ਰਾਜੀਵ ਸਮੁੰਦੜਾ ਆਦਿ ਹਾਜ਼ਰ ਸਨ।