ਪੁਲਵਾਮਾ ਹਮਲੇ ਦਾ ਬਦਲਾ ਲੈਣ ਵਾਲੀ ਭਾਰਤੀ ਹਵਾਈ ਫੌਜ ਨੂੰ ਸਲਾਮ : ਸੁਖਦੇਵ ਸਿੰਘ ਢੀਂਡਸਾ

Thursday, Feb 28, 2019 - 10:40 AM (IST)

ਪੁਲਵਾਮਾ ਹਮਲੇ ਦਾ ਬਦਲਾ ਲੈਣ ਵਾਲੀ ਭਾਰਤੀ ਹਵਾਈ ਫੌਜ ਨੂੰ ਸਲਾਮ : ਸੁਖਦੇਵ ਸਿੰਘ ਢੀਂਡਸਾ

ਭਵਾਨੀਗੜ੍ਹ(ਕਾਂਸਲ)— ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਬੰਬਾਰੀ ਕਰਕੇ 350 ਦੇ ਕਰੀਬ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਪੁਲਵਾਮਾ ਹਮਲੇ ਦਾ ਜੋ ਬਦਲਾ ਲਿਆ ਹੈ ਉਸ ਲਈ ਅਸੀਂ ਭਾਰਤੀ ਫੌਜ ਨੂੰ ਸਲਾਮ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨੇੜਲੇ ਪਿੰਡ ਚੰਨੋਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਪੂਰੇ ਵਿਸ਼ਵ ਅਤੇ ਪੂਰੀ ਮਨੁੱਖਤਾ ਲਈ ਖਤਰਨਾਕ ਹੈ। ਇਸ ਲਈ ਪਾਕਿਸਤਾਨ ਨੂੰ ਆਪਣੇ ਦੇਸ਼ ਵਿਚ ਅੱਤਵਾਦੀਆਂ ਨੂੰ ਮਦਦ ਦੇਣਾ ਅਤੇ ਟ੍ਰੇਨਿੰਗ ਕੈਂਪ ਚਲਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਪਾਕਿਸਤਾਨ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗ ਵਾਲੇ ਹਾਲਾਤ ਨਹੀਂ ਬਣਾਉਣੇ ਚਾਹੀਦੇ। ਇਸ ਲਈ ਦੋਵਾਂ ਗੁਆਂਢੀ ਮੁਲਕਾਂ ਨੂੰ ਸਮਝੌਤੇ ਦੀ ਗੱਲਬਾਤ ਵੀ ਨਹੀਂ ਤੋੜਨੀ ਚਾਹੀਦੀ ਪਰ ਜੇਕਰ ਪਾਕਿਸਤਾਨ ਫਿਰ ਕੋਈ ਅਜਿਹੀ ਗੈਰ-ਜ਼ਿੰਮੇਵਰਾਨਾ ਹਰਕਤ ਕਰਦਾ ਹੈ ਤਾਂ ਉਸ ਦਾ ਮੂੰਹਤੋੜ ਜਵਾਬ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ।

ਇਸ ਦੌਰਾਨ ਲੋਕ ਸਭਾ ਦੀ ਚੋਣ ਲੜਣ ਸੰਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਲੋਕ ਸਭਾ ਦੀ ਚੋਣ ਲੜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਲੋਕ ਸਭਾ ਦੀ ਚੋਣ ਨਹੀਂ ਲੜਣਾ ਚਹੁੰਦੇ। ਬਰਗਾੜੀ ਗੋਲੀਕਾਂਡ ਨੂੰ ਲੈ ਕੇ ਉਚ ਪੁਲਸ ਅਧਿਕਾਰੀਆਂ ਦੀ ਗ੍ਰਿਫਤਾਰੀ ਅਤੇ ਕੀਤੀ ਜਾ ਰਹੀ ਪੁੱਛ-ਗਿੱਛ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਮੈਂ ਇਸ 'ਤੇ ਕੋਈ ਵੀ ਟਿਪਣੀ ਨਹੀਂ ਕਰਾਂਗਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਅਤੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਪੈਦਲ ਯਾਤਰਾ ਨੂੰ ਉਨ੍ਹਾਂ ਮਹਿਜ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਗੁੰਗੀ ਵਿਧਾਨ ਸਭਾ ਵਿਚ ਬਿਜਲੀ ਦੇ ਮੁੱਦੇ ਸਮੇਤ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਅਤੇ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਦੇ ਵਿਰੁੱਧ ਸਿਰਫ ਅਕਾਲੀ ਦਲ ਦੇ ਵਿਧਾਇਕਾਂ ਨੇ ਹੀ ਆਵਾਜ਼ ਬੁਲੰਦ ਕੀਤੀ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਪਿਛਲੀ ਅਕਾਲੀ ਸਰਕਾਰ ਵੱਲੋਂ ਜਾਰੀ ਕੀਤੀਆਂ ਗ੍ਰਾਂਟਾਂ ਨਾਲ ਹੋਣ ਵਾਲੇ ਕੰਮਾਂ 'ਤੇ ਹੁਣ ਆਪਣੀ ਮੋਹਰ ਲਗਾ ਕੇ ਰਾਜਨੀਤੀਕ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ, ਬਲਜਿੰਦਰ ਸਿੰਘ ਗੋਗੀ ਚੰਨੋਂ ਸਾਬਕਾ ਉਪ ਚੇਅਰਮੈਨ ਮਾਰਕਿਟ ਕਮੇਟੀ, ਜਸਪਾਲ ਸਿੰਘ ਪਾਲੀ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਅਤੇ ਵਰਕਰ ਮੌਜੂਦ ਸਨ।


author

cherry

Content Editor

Related News