ਭਵਾਨੀਗੜ੍ਹ ਇਲਾਕੇ ’ਚ ਚੋਰਾਂ ਦਾ ਕਾਰਾ, ਨਕਦੀ ਤੇ ਸੋਨੇ ਦੇ ਗਹਿਣਿਆਂ ਸਮੇਤ CCTV ਡੀ.ਵੀ.ਆਰ. ਲੈ ਕੇ ਫ਼ਰਾਰ

03/02/2021 12:41:52 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਨੇੜਲੇ ਪਿੰਡ ਬਾਸੀਆਰਕ ਵਿਖੇ ਬੀਤੀ ਦਿਨੀਂ ਦਿਨ ਦਿਹਾੜੇ ਹੀ ਇਕ ਘਰ ’ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਘਰ ’ਚੋਂ ਲੈਪਟਾਪ, ਮੋਬਾਇਲ ਫੋਨ, ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੇਤਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਾਸੀਆਰਕ ਨੇ ਦੱਸਿਆ ਕਿ ਲੰਘੀ 28 ਫਰਵਰੀ ਉਸ ਦਾ ਸਾਰਾ ਪਰਿਵਾਰ ਕਿਸੇ ਰਿਸ਼ਤੇਦਾਰੀ ’ਚ ਗਿਆ ਹੋਇਆ ਸੀ ਅਤੇ ਉਹ ਘਰ ’ਚ ਇਕੱਲਾ ਸੀ। ਉਹ ਵੀ ਮੱਥਾਂ ਟੇਕਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਲਾ ਗਿਆ ਅਤੇ ਜਦੋਂ ਉਹ ਘਰ ਵਪਿਸ ਆਇਆ ਤਾਂ ਦੇਖਿਆ ਉਸ ਦੇ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਪਿਆ ਸੀ ਅਤੇ ਜਦੋਂ ਉਸ ਨੇ ਘਰ ਅੰਦਰ ਕਮਰੇ ’ਚ ਜਾ ਕੇ ਦਖਿਆ ਤਾਂ ਕਮਰੇ ਅੰਦਰੋਂ  ਦੋ ਲੈਪਟਾਪ ਮਾਰਕਾ ਐਪਲ ਮੈਕਬੁੱਕ ਅਤੇ ਇਕ ਮਾਰਕਾ ਏਸਰ, ਦੋ ਮਹਿੰਗੇ ਮੋਬਾਇਲ ਫੋਨ, 11 ਤੋਲੇ ਸੋਨੇ ਦੇ ਗਹਿਣੇ, 15 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਅਤੇ ਬੈਂਕ ਵਗੈਰਾ ਦੇ ਹੋਰ ਜ਼ਰੂਰੀ ਕਾਗਜ਼ਾਤ ਗਾਇਬ ਸਨ। ਜੋ ਚੋਰ ਚੋਰੀ ਕਰਕੇ ਲੈ ਗਏ ਸਨ।

ਇਹ ਵੀ ਪੜ੍ਹੋ : ਚੋਰੀ ਦੀਆਂ ਵਾਰਦਾਤਾਂ ਸਬੰਧਤ ਪ੍ਰਵਾਸੀ ਔਰਤਾਂ ਦੀਆਂ ਸੋਸ਼ਲ ਮੀਡੀਆਂ ’ਤੇ ਤਸਵੀਰਾਂ ਕੀਤੀਆਂ ਵਾਇਰਲ

ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਾਲਾ ਡੀ. ਵੀ. ਆਰ. ਵੀ ਲੈ ਗਏ। ਉਨ੍ਹਾਂ ਦੱਸਿਆ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਘਰ ਚੋਰੀ ਦੀ ਘਟਨਾ ਦਿਨ ਸਮੇਂ ਵਾਪਰੀ ਅਤੇ ਇਹ ਚੋਰ ਗਿਰੋਹ ਦੇ ਮੈਂਬਰ ਉਨ੍ਹਾਂ ਦੇ ਘਰ ਦੇ ਨੇੜੇ ਸਥਿਤ ਸਰਕਾਰੀ ਸਕੂਲ ’ਚ ਰੁਕੇ ਸਨ ਅਤੇ ਇਹ ਚੋਰ ਗਿਰੋਹ ਦੇ ਮੈਂਬਰ ਸਬੂਤ ਅਤੇ ਆਪਣੀ ਪਛਾਣ ਮਿਟਾਉਣ ਲਈ ਉਸ ਰਾਤ ਦੁਬਾਰਾ ਆ ਕੇ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਾਲਾ ਡੀ. ਵੀ. ਆਰ. ਵੀ ਚੋਰੀ ਕਰਕੇ ਲੈ ਗਏ। ਪੁਲਸ ਨੇ ਚੇਤਨ ਸਿੰਘ ਦੇ ਬਿਆਨਾਂ ਨੂੰ ਕਲਮ ਬੰਦ ਕਰਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਚੋਰਾਂ ਦੀ ਭਾਲ ਸ਼ੁਰੂ ਕਰਦਿਆਂ ਪਿੰਡ ’ਚ ਲੱਗੇ ਹੋਰ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਵੈਕਸੀਨੇਸ਼ਨ ਲਈ ਚੰਡੀਗੜ੍ਹ ਵਾਸੀ ਜ਼ਰੂਰ ਪੜ੍ਹਣ ਇਹ ਖ਼ਬਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  

 


Anuradha

Content Editor

Related News