ਭਾਰਤੀ ਕਿਸਾਨ ਯੂਨੀਅਨ ਵੱਲੋਂ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ

05/28/2020 3:41:10 PM

ਖੰਨਾ (ਵਿਪਨ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਝੋਨੇ ਦੀ ਨਵੀਂ ਕਿਸਮ 128 ਤੇ 129 ਦੇ ਵੱਡੇ ਪੱਧਰ ’ਤੇ ਨਕਲੀ ਬੀਜ ਵੇਚ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤੇ ਜਾਣ ਪਿੱਛੇ ਬਹੁਤ ਵੱਡੇ ਲੋਕਾਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗਦੇ ਕਰਦੇ ਹੋਏ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਰਾਜੇਵਾਲ ਨੇ ਸੂਬੇ ਦੇ ਕਈ ਜ਼ਿਲਿਆਂ 'ਚ ਚਾਰ ਗੁਣਾ ਭਾਅ ’ਤੇ ਇਹ ਨਕਲੀ ਬੀਜਾਂ ਦੀ ਵਿਕਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ’ਤੇ ਇਸ ਨੂੰ ਕਿਸਾਨਾਂ ਲਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਦੱਸਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਇਸ ਦਾ ਖਮਿਆਜ਼ਾ ਸੂਬੇ ਦੇ ਕਿਸਾਨਾਂ ਨੂੰ ਭੁਗਤਣਾ ਪਵੇਗਾ। ਰਾਜੇਵਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਤਾਂ ਝੋਨੇ ਦੀ ਨਵੀਂ ਵਰਾਇਟੀ 128 ਅਤੇ 129 ਦਾ ਤਕਰੀਬਨ 2 ਹਜ਼ਾਰ ਕੁਇੰਟਲ ਬੀਜ ਹੀ ਵੇਚਿਆ ਪਰ ਖੇਤੀਬਾੜੀ ਵਿਭਾਗ ਤੋਂ ਅਧਿਕਾਰਤ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਤੋਂ ਹਜ਼ਾਰਾਂ ਕੁਇੰਟਲ ਨਕਲੀ ਬੀਜ ਦਾ ਫੜ੍ਹੇ ਜਾਣਾ ਬਹੁਤ ਵੱਡੀ ਪੜਤਾਲ ਦਾ ਵਿਸ਼ਾ ਹੈ।  

ਰਾਜੇਵਾਲ ਨੇ ਕਿਹਾ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਨਕਲੀ ਬੀਜ ਨੂੰ ਡੀਲਰ ਯੂਨੀਵਰਸਿਟੀ ਦੀ ਪੈਕਿੰਗ ਅਤੇ ਬੈਚ ਨੰਬਰ ਤੋਂ ਬਿਨਾਂ ਆਪਣਾ ਬੈਚ ਨੰਬਰ ਲਾ ਕੇ ਚਾਰ ਗੁਣਾ ਮਹਿੰਗੇ ਭਾਅ ’ਤੇ ਧੜਾਧੜ ਵੇਚ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸੂਬੇ ਦੇ ਸਾਰੇ ਹੀ ਜ਼ਿਲਿਆਂ 'ਚ ਜਿਸ ਤਰ੍ਹਾਂ ਹਜ਼ਾਰਾਂ ਕੁਇੰਟਲ ਇਸ ਨਕਲੀ ਬੀਜ ਦੀ ਵਿਕਰੀ ਕੀਤੀ ਜਾ ਚੁੱਕੀ ਹੈ, ਇਸ ਦੇ ਪਿੱਛੇ ਬਹੁਤ ਵੱਡਾ ਘੋਟਾਲਾ ਸਾਹਮਣੇ ਆਉਣ ਵਾਲਾ ਹੈ। ਰਾਜੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਮਾਨਦਾਰੀ ਨਾਲ ਇਸ ਬੀਜ ਘੋਟਾਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਮਾਮਲੇ ਦਰਜ ਕਰ ਲਏ ਤਾਂ ਭਵਿੱਖ 'ਚ ਸੂਬੇ ਅੰਦਰ ਨਕਲੀ ਬੀਜਾਂ ਅਤੇ ਨਕਲੀ ਖਾਦਾਂ ਦੀ ਵਿਕਰੀ ਦਾ ਰੁਝਾਨ ਠੱਲ ਜਾਵੇਗਾ।
 


Babita

Content Editor

Related News