ਕਿਸਾਨੀ ਸੰਘਰਸ਼ ਨੂੰ ਲੈ ਕੇ ''ਭਾਜਪਾ'' ਅੰਦਰ ਤੇਜ਼ ਹੋਇਆ ਘਮਾਸਾਨ, ਹੱਥੋਪਾਈ ਤੱਕ ਪੁੱਜੀ ਨੌਬਤ
Wednesday, Mar 17, 2021 - 10:22 AM (IST)
ਲੁਧਿਆਣਾ (ਹਿਤੇਸ਼) : ਕਿਸਾਨ ਸੰਘਰਸ਼ ਨੂੰ ਲੈ ਕੇ ਜਿੱਥੇ ਭਾਜਪਾ ਆਗੂਆਂ ਨੂੰ ਹਰ ਜਗ੍ਹਾ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਹੁਣ ਪਾਰਟੀ ਦੇ ਅੰਦਰ ਵੀ ਘਮਸਾਨ ਤੇਜ਼ ਹੋ ਗਿਆ ਹੈ, ਜਿਸ ਦਾ ਸਬੂਤ ਪਿਛਲੇ ਦਿਨੀਂ ਸਾਬਕਾ ਪੰਜਾਬ ਪ੍ਰਧਾਨ ਦੀ ਭਤੀਜੀ ਦੇ ਵਿਆਹ ਦੌਰਾਨ ਦੇਖਣ ਨੂੰ ਮਿਲਿਆ। ਇਸ ਦੌਰਾਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪ੍ਰਦੇਸ਼ ਜਨਰਲ ਸਕੱਤਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ’ਚ ਹੱਥੋਪਾਈ ਹੋਣ ਦੀ ਸੂਚਨਾ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਪੰਜਾਬ ਨਾਲ ਸਬੰਧਿਤ ਭਾਜਪਾ ਦੇ ਕਈ ਆਗੂਆਂ ਨੇ ਪਾਰਟੀ ਜਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਵਿਚ ਲੁਧਿਆਣਾ ਦੇ ਸਾਬਕਾ ਪ੍ਰਧਾਨ ਵੀ ਸ਼ਾਮਲ ਹਨ, ਜੋ ਸੋਸ਼ਲ ਮੀਡੀਆ ਜ਼ਰੀਏ ਖੁੱਲ੍ਹੇਆਮ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਦੇ ਸਟੈਂਡ ’ਤੇ ਸਵਾਲ ਖੜ੍ਹੇ ਕਰ ਰਹੇ ਹਨ।
ਇਸ ਸਬੰਧੀ ਸਾਬਕਾ ਪੰਜਾਬ ਪ੍ਰਧਾਨ ਦੀ ਭਤੀਜੀ ਦੇ ਵਿਆਹ ਸਾਮਗਮ ਦੌਰਾਨ ਵੀ ਚਰਚਾ ਹੋਈ, ਜਿੱਥੇ ਪ੍ਰਦੇਸ਼ ਜਨਰਲ ਸਕੱਤਰ ਵੱਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਜਨਤਕ ਤੌਰ ’ਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਤਾਂ ਦੋਵਾਂ ਦੇ ਵਿਚ ਖੂਬ ਤੂੰ-ਤੂੰ, ਮੈਂ-ਮੈਂ ਹੋਈ। ਇਹ ਹੰਗਾਮਾ ਵਿਆਹ ’ਚ ਮੌਜੂਦ ਵੱਡੀ ਗਿਣਤੀ ’ਚ ਲੋਕਾਂ ਨੇ ਦੇਖਿਆ, ਜਿਨ੍ਹਾਂ ਮੁਤਾਬਕ ਨੌਬਤ ਹੱਥੋਪਾਈ ਤੱਕ ਪੁੱਜ ਗਈ ਤਾਂ ਦੂਜੇ ਆਗੂਆਂ ਨੇ ਵਿੱਚ-ਬਚਾਅ ਕਰ ਕੇ ਝਗੜੇ ਨੂੰ ਸ਼ਾਂਤ ਕੀਤਾ।
ਇਹ ਵੀ ਪੜ੍ਹੋ : ਟਾਂਡਾ 'ਚ ਦਰਦਨਾਕ ਹਾਦਸੇ ਨੇ ਲਈ ਨੌਜਵਾਨ ਦੀ ਜਾਨ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ
ਇਕੱਲੇ ਚੋਣ ਲੜਨ ਦੇ ਯਤਨਾਂ ਨੂੰ ਲੱਗ ਸਕਦੈ ਝਟਕਾ
ਕਿਸਾਨ ਸੰਘਰਸ਼ ਸਬੰਧੀ ਅਕਾਲੀ ਦਲ-ਭਾਜਪਾ ਦਾ ਦਹਾਕਿਆਂ ਪੁਰਾਣਾ ਗੱਠਜੋੜ ਟੁੱਟ ਚੁੱਕਾ ਹੈ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਆਪਣੇ ਜ਼ੋਰ ’ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਅਕਾਲੀ ਦਲ ਦੇ ਮੁਕਾਬਲੇ ਭਾਜਪਾ ਨੂੰ ਲੋਕਾਂ ਦੇ ਵਿਰੋਧ ਕਾਰਨ ਆਪਣੀਆਂ ਸਿਆਸੀ ਗਤੀਵਿਧੀਆਂ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ। ਜਿੱਥੋਂ ਤੱਕ ਭਾਜਪਾ ਵੱਲੋਂ ਅਕਾਲੀ ਦਲ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਹਿੰਦੂ ਕੇਡਰ ਦੇ ਜ਼ੋਰ ’ਤੇ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨੂੰ ਪਾਰਟੀ ਦੇ ਅੰਦਰ ਪੈਦਾ ਹੋ ਰਹੇ ਅਸੰਤੋਖ ਕਾਰਨ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ
ਬਗਾਵਤ ਕਰਨ ਵਾਲੇ ਨੇਤਾਵਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮੁੱਦਾ ਬਣਿਆ ਗਲੇ ਦਾ ਫਾਹ
ਜੋ ਆਗੂ ਕਿਸਾਨ ਸੰਘਰਸ਼ ਦੀ ਹਮਾਇਤ ’ਚ ਭਾਜਪਾ ਦਾ ਸਾਥ ਛੱਡ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਕਈ ਆਗੂਆਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਖੁੱਲ੍ਹੇਆਮ ਬਿਆਨਬਾਜ਼ੀ ਕਰ ਰਹੇ ਹਨ। ਅਜਿਹਾ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦਾ ਮੁੱਦਾ ਪਾਰਟੀ ਦੇ ਗਲੇ ਦਾ ਫਾਹ ਬਣ ਗਿਆ ਹੈ ਕਿਉਂਕਿ ਇਸ ਨਾਲ ਲੋਕਤੰਤਰੀ ਵਿਵਸਥਾ ਦੇ ਆਧਾਰ ’ਤੇ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰਨ ਦੇ ਦੋਸ਼ ’ਚ ਕਿਰਕਿਰੀ ਹੋ ਸਕਦੀ ਹੈ।
ਨੋਟ : ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਜਪ ਅੰਦਰ ਚੱਲ ਰਹੇ ਘਮਾਸਾਨ ਬਾਰੇ ਦਿਓ ਆਪਣੀ ਰਾਏ