ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

Monday, May 16, 2022 - 12:30 PM (IST)

ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

ਚੰਡੀਗੜ੍ਹ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ। ਇਸ ਵੀਡੀਓ ਨਾਲ ਲੋਕ ਬੇਹੱਦ ਗੁੱਸੇ ’ਚ ਹਨ ਤੇ ਭਾਰਤੀ ਸਿੰਘ ਨੂੰ ਬੁਰਾ-ਭਲਾ ਬੋਲ ਰਹੇ ਹਨ।

ਭਾਰਤੀ ਦੀ ਇਸ ਟਿੱਪਣੀ ’ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਆਪਣੇ ਲਾਈਵ ਸ਼ੋਅ ਦੌਰਾਨ ਨਿੰਦਿਆ ਕੀਤੀ ਸੀ। ਇਸ ਦੇ ਨਾਲ ਹੀ ਬੱਬੂ ਮਾਨ ਨੇ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਤੋਂ ਇਸ ’ਤੇ ਜਵਾਬ ਵੀ ਮੰਗਿਆ ਸੀ ਪਰ ਹੁਣ ਭਾਰਤੀ ਸਿੰਘ ਨੇ ਇਸ ਵਿਵਾਦ ’ਤੇ ਖ਼ੁਦ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਮੁਆਫ਼ੀ ਮੰਗੀ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ)

ਭਾਰਤੀ ਸਿੰਘ ਵੀਡੀਓ ’ਚ ਕਹਿੰਦੀ ਹੈ, ‘‘ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਭੇਜੀ ਵੀ ਗਈ ਹੈ ਕਿ ਤੁਸੀਂ ਦਾੜ੍ਹੀ-ਮੁੱਛਾਂ ਬਾਰੇ ਮਜ਼ਾਕ ਉਡਾਇਆ ਹੈ। ਮੈਂ ਉਹ ਵੀਡੀਓ ਵਾਰ-ਵਾਰ ਵੇਖ ਰਹੀ ਹਾਂ ਪਿਛਲੇ 2 ਦਿਨਾਂ ਤੋਂ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਵੀ ਉਹ ਵੀਡੀਓ ਦੇਖੋ। ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਨਹੀਂ ਬੋਲਿਆ ਕਿ ਇਸ ਧਰਮ ਦੇ ਲੋਕ ਇਹ ਦਾੜ੍ਹੀ ਰੱਖਦੇ ਹਨ ਤੇ ਇਹ ਮੁਸ਼ਕਿਲ ਹੁੰਦੀ ਹੈ। ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਕਿ ਦਾੜ੍ਹੀ-ਮੁੱਛਾਂ ਨਾਲ ਕੀ ਮੁਸ਼ਕਿਲ ਹੁੰਦੀ ਹੈ। ਮੈਂ ਤਾਂ ਆਪਣੀ ਸਹੇਲੀ ਨਾਲ ਕਾਮੇਡੀ ਕਰ ਰਹੀ ਸੀ।’’

ਭਾਰਤੀ ਸਿੰਘ ਅੱਗੇ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਤਾਂ ਅੱਜਕਲ ਹਰ ਕੋਈ ਰੱਖਦਾ ਹੈ ਪਰ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਵੀ ਧਰਮ-ਜਾਤ ਦੇ ਲੋਕ ਨਾਰਾਜ਼ ਹੋਏ ਹਨ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਪੰਜਾਬੀ ਹਾਂ, ਅੰਮ੍ਰਿਤਸਰ ਪੈਦਾ ਹੋਈ ਹਾਂ। ਮੈਂ ਪੰਜਾਬ ਦਾ ਪੂਰਾ ਮਾਣ ਰੱਖਾਂਗੀ ਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ।’’

ਨੋਟ– ਭਾਰਤੀ ਸਿੰਘ ਦੇ ਇਸ ਮੁਆਫ਼ੀਨਾਮੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News