ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ

12/04/2022 11:52:51 AM

ਜਲੰਧਰ (ਰਾਹੁਲ)–ਭਾਰਤੀ ਜਨਤਾ ਪਾਰਟੀ ਪੰਜਾਬ ਨੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੀ ਪ੍ਰਤਿਭਾ ’ਤੇ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਨੂੰ ਤੀਜੀ ਵਾਰ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਰਾਕੇਸ਼ ਰਾਠੌਰ ਨੂੰ 24 ਅਪ੍ਰੈਲ 2005 ਨੂੰ ਭਾਜਪਾ ਪੰਜਾਬ ਪ੍ਰਦੇਸ਼ ਕਾਰਜਕਾਰੀ ਮੈਂਬਰ ਵਜੋਂ ਪਹਿਲੀ ਵਾਰ ਜ਼ਿੰਮੇਵਾਰੀ ਮਿਲੀ ਸੀ, ਉਸ ਉਪਰੰਤ ਆਪਣੀ ਸ਼ਾਨਦਾਰ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਦਿਆਂ 2007 ਵਿਚ ਕੌਂਸਲਰ ਦੀ ਚੋਣ ਲੜੀ ਅਤੇ ਪਹਿਲੀ ਵਾਰ ਚੋਣ ਜਿੱਤ ਕੇ ਜਲੰਧਰ ਦੇ ਮੇਅਰ ਦਾ ਅਹੁਦਾ ਸੰਭਾਲਿਆ। ਜਲੰਧਰ ਦੇ ਚੌਥੇ ਮੇਅਰ ਵਜੋਂ ਉਨ੍ਹਾਂ ਦਾ ਕਾਰਜਕਾਲ (2007-2012) ਵਿਸ਼ੇਸ਼ ਉਪਲਬੱਧੀਆਂ ਨਾਲ ਭਰਿਆ ਰਿਹਾ ਹੈ।

ਪ੍ਰਸ਼ਨ-ਕ੍ਰਿਕਟ ਖਿਡਾਰੀ ਤੋਂ ਸਿਆਸਤ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਉੱਤਰ-
ਮੈਂ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਰਹਿੰਦਿਆਂ ਪੰਜਾਬ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ। ਕਿਉਂਕਿ ਮੈਂ ਖੁਦ ਕ੍ਰਿਕਟ ਦਾ ਰਣਜੀ ਖਿਡਾਰੀ ਰਿਹਾ ਹਾਂ ਅਤੇ ਮੈਨੂੰ ਖੇਡ ਟੀਮਾਂ ਦੇ ਸੰਚਾਲਨ, ਕਾਰਜਸ਼ੈਲੀ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਨੁਸਾਰ ਨਾਲ ਜੋੜ ਕੇ ਰੱਖਣ ਦਾ ਵਿਸ਼ੇਸ਼ ਤਜਰਬਾ ਰਿਹਾ ਹੈ। ਇਸੇ ਨੀਤੀ ਦੀ ਵਰਤੋਂ ਕਰਦਿਆਂ ਮੈਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਮਾਰਗਦਰਸ਼ਨ ਵਿਚ ਪੰਜਾਬ ਸਪੋਰਟਸ ਸੈੱਲ ਨੂੰ ਵਿਸ਼ੇਸ਼ ਉਚਾਈਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਭਾਜਪਾ ਨਾਲ ਜੋੜਿਆ, ਖਿਡਾਰੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਵਿਚ ਸਰਗਰਮ ਭੂਮਿਕਾ ਨਿਭਾਈ। ਇਸੇ ਦੌਰਾਨ ਭਾਜਪਾ ਸੰਗਠਨ ਵੱਲੋਂ ਮੈਨੂੰ 2013 ਵਿਚ ਸੂਬਾ ਸਕੱਤਰ, ਫਿਰ ਸਾਲ 2013 ਤੋਂ 2016 ਅਤੇ 2018 ਤੋਂ 2020 ਤੱਕ ਬਤੌਰ ਸੂਬਾ ਜਨਰਲ ਸਕੱਤਰ ਅਤੇ 2016 ਤੋਂ 2018 ਅਤੇ 2020 ਤੋਂ ਹੁਣ ਤੱਕ ਤੀਜੀ ਵਾਰ ਸੂਬਾ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ। ਰਾਠੌਰ ਨੂੰ 4 ਸੂਬਾ ਪ੍ਰਧਾਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ

ਪ੍ਰਸ਼ਨ-ਪੰਜਾਬ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਹੈ?
ਉੱਤਰ-
ਮੇਰਾ ਮੰਨਣਾ ਹੈ ਕਿ ਪੰਜਾਬ ਮੌਜੂਦਾ ਸਮੇਂ ’ਚ ਬੜੇ ਸੰਵੇਦਨਸ਼ੀਲ ਦੌਰ ਵਿਚੋਂ ਲੰਘ ਰਿਹਾ ਹੈ। ਅਜਿਹੇ ਵਿਚ ਭਾਜਪਾ ਸੰਗਠਨ ਵੱਲੋਂ ਨਵੀਂ ਟੀਮ ਵਿਚ ਅਧਿਕਾਰਤ ਜ਼ਮੀਨੀ ਨੇਤਾਵਾਂ ਨੂੰ ਸਥਾਨ ਦੇਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਖੇਤਰ ’ਚ ਅਸਫਲ ਸਾਬਿਤ ਹੋਈ ਹੈ। ਝੂਠੇ ਵਾਅਦਿਆਂ ਰਾਹੀਂ ਸੱਤਾ ਹਥਿਆਉਣ ਵਾਲੇ ‘ਆਪ’ ਨੇਤਾਵਾਂ ਨੂੰ ਨਾ ਕੋਈ ਸਿਆਸੀ ਅਨੁਭਵ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਰਕਾਰ ਜਾਂ ਪ੍ਰਸ਼ਾਸਨ ਚਲਾਉਣ ਦਾ ਤਜਰਬਾ ਹੈ। ਮੌਜੂਦਾ ਸਮੇਂ ’ਚ ਪੰਜਾਬ ਦੇ ਲੋਕ ਸਰਕਾਰ ਦੀਆਂ ਬਚਕਾਨੀ ਨੀਤੀਆਂ ਅਤੇ ਪ੍ਰਸ਼ਾਸਨ ਦੀ ਖਿੱਚੋਤਾਣ ਵਿਚ ਫਸੇ ਹੋਏ ਹਨ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਿਰਫ ਹਵਾ-ਹਵਾਈ ਸਾਬਿਤ ਹੋਈਆਂ ਹਨ। ਜੋ ਐਲਾਨ ਉਨ੍ਹਾਂ ਕੀਤਾ ਸੀ, ਉਨ੍ਹਾਂ ਨੂੰ ਪੂਰਾ ਕਰਨ ਲਈ ਨਾ ਤਾਂ ਉਨ੍ਹਾਂ ਨੇ ਕੋਈ ਸੰਵੇਦਨਸ਼ੀਲਤਾ ਦਿਖਾਈ ਅਤੇ ਨਾ ਹੀ ਅਫਸਰਸ਼ਾਹੀ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਕੰਮ ਬਿਨਾਂ ਕਿਸੇ ਠੋਸ ਆਧਾਰ ਦੇ ਹਨ।

ਪ੍ਰਸ਼ਨ-ਮੌਜੂਦਾ ਸਥਿਤੀ ’ਚ ‘ਆਪ’ ਦੀ ਨੀਤੀ ਕਿੰਨੀ ਲੋਕ-ਹਿਤੈਸ਼ੀ ਹੈ?
ਉੱਤਰ-
ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਬਦਲੀਆਂ ਵਾਲੀ ਸਰਕਾਰ ਸਾਬਿਤ ਹੋ ਰਹੀ ਹੈ। ਇਥੇ ਕਿਤੇ ਵੀ ਕੋਈ ਲੁੱਟ-ਖੋਹ, ਗੈਂਗਵਾਰ, ਕਤਲੇਆਮ ਜਾਂ ਹੋਰ ਕੋਈ ਘਟਨਾ ਹੁੰਦੀ ਹੈ ਤਾਂ ਉਸਦੀ ਉੱਚ ਜਾਂਚ ਕਰਵਾਉਣ ਦੀ ਬਜਾਏ ਤੁਰੰਤ ਅਧਿਕਾਰੀਆਂ ਨੂੰ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਪੰਜਾਬ ਵਿਚ ਵਪਾਰੀ, ਆਮ ਆਦਮੀ ਇਥੋਂ ਤੱਕ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਵੀ ਬੇਹੱਦ ਦੁਖੀ ਹਨ। ਆਮ ਆਦਮੀ ਨੂੰ ਸੁਰੱਖਿਆ ਨਹੀਂ ਮਿਲ ਰਹੀ, ਵਪਾਰ ਚੱਲ ਨਹੀਂ ਰਿਹਾ। ਕਤਲੇਆਮ, ਲੁੱਟ-ਖੋਹ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਦੇ ਅਧਿਕਾਰੀ ਕੋਈ ਵੀ ਸਖ਼ਤ ਅਤੇ ਸਾਰਥਕ ਕਦਮ ਚੁੱਕਣ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਹਮੇਸ਼ਾ ਆਪਣੀ ਬਦਲੀ ਦਾ ਡਰ ਸਤਾਉਂਦਾ ਹੈ। ਭਾਜਪਾ ਜਲਦੀ ਹੀ ਬਦਲੀਆਂ ਵਾਲੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰੇਗੀ।

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਪ੍ਰਸ਼ਨ-ਭਾਜਪਾ ਦੀ ਪੰਜਾਬ ’ਚ ਕੀ ਨੀਤੀ ਹੋਵੇਗੀ?
ਉੱਤਰ-
ਜਲਦੀ ਹੀ ਭਾਜਪਾ ਪੰਜਾਬ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰੇਗੀ। ਨਵ-ਨਿਯੁਕਤ ਸੂਬਾ ਅਹੁਦੇਦਾਰਾਂ, ਸਥਾਨਕ ਨੇਤਾਵਾਂ, ਨੌਜਵਾਨਾਂ ਅਤੇ ਟਕਸਾਲੀ ਨੇਤਾਵਾਂ ਦੀ ਸਰਗਰਮੀ ਨੂੰ ਯਕੀਨੀ ਕਰਦਿਆਂ ਲੋਕਲ ਬਾਡੀਜ਼ ਚੋਣਾਂ ਵਿਚ ਭਾਜਪਾ ਸੱਤਾ ’ਚ ਆਪਣੀ ਜ਼ੋਰਦਾਰ ਵਾਪਸੀ ਕਰੇਗੀ। ਉਨ੍ਹਾਂ ਨੇ ਨਵੀਂ ਐਲਾਨੀ ਟੀਮ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਵਿਚ ਪੰਜਾਬ ਦੇ ਸਾਰੇ ਖੇਤਰਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਉਥੇ ਹੀ, ਦੂਜੇ ਪਾਸੇ ਸਿਆਸੀ ਦਲਾਂ ਤੋਂ ਆਏ ਨੇਤਾਵਾਂ ਨੂੰ ਵੀ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦੇਣ ਲਈ ਭਰਪੂਰ ਯਤਨ ਕੀਤਾ ਗਿਆ ਹੈ।

ਪ੍ਰਸ਼ਨ-ਭਾਜਪਾ ਵਿਚ ਧੜੇਬੰਦੀ ਦੀ ਕੀ ਭੂਮਿਕਾ ਹੈ?
ਉੱਤਰ-
ਮੌਜੂਦਾ ਸਮੇਂ ਵਿਚ ਕੋਈ ਧੜੇਬੰਦੀ ਨਹੀਂ ਹੈ। ਭਾਜਪਾ ਦਾ ਹਰੇਕ ਵਰਕਰ ਅਤੇ ਅਹੁਦੇਦਾਰ ਕੇਂਦਰੀ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ, ਨੀਤੀਆਂ ਅਤੇ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ।

ਪ੍ਰਸ਼ਨ-ਆਪਣੀ ਨਿਯੁਕਤੀ ਨੂੰ ਕਿਸ ਤਰ੍ਹਾਂ ਸਾਰਥਕ ਬਣਾਓਗੇ?
ਉੱਤਰ-
ਆਪਣੀ ਨਿਯੁਕਤੀ ਲਈ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਰਾਸ਼ਟਰੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼, ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਅਤੇ ਭਾਜਪਾ ਪੰਜਾਬ ਦੇ ਸਹਿ-ਇੰਚਾਰਜ ਨਰਿੰਦਰ ਰੈਣਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਜੋ ਵਿਸ਼ਵਾਸ ਮੇਰੇ ਉੱਪਰ ਕੀਤਾ ਹੈ, ਮੈਂ ਉਸ ’ਤੇ ਪੂਰਾ ਉਤਰਨ ਲਈ ਭਰਪੂਰ ਯਤਨ ਕਰਾਂਗਾ। ਰਾਠੌਰ ਨੇ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪੂਰੀ ਸਰਗਰਮੀ ਨਾਲ ਵਰਕਰਾਂ ਅਤੇ ਨਵੇਂ ਅਹੁਦੇਦਾਰਾਂ ਵਿਚ ਤਾਲਮੇਲ ਬਿਠਾਉਣ, ਹੋਰ ਸਿਆਸੀ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਲ ਹੋਏ ਨੇਤਾਵਾਂ ਨੂੰ ਆਪਣੇ ਵਰਕਰਾਂ ਨਾਲ ਮਿਲਵਾਉਣ ਲਈ ਉਚਿਤ ਮੁਹਿੰਮ ਚਲਾ ਰਹੇ ਹਨ, ਜਿਸ ਦੇ ਕਾਫੀ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਕਿਸੇ ਦੇ ਬਹਿਕਾਵੇ ਵਿਚ ਆ ਕੇ ਆਪਣੀ ਵੋਟ ਨੂੰ ਬੇਕਾਰ ਨਹੀਂ ਕਰੇਗੀ।

ਪ੍ਰਸ਼ਨ-ਤੁਹਾਡੇ ਪਰਿਵਾਰ ਦੀ ਸਿਆਸੀ ਬੈਕਗਰਾਊਂਡ ਕੀ ਹੈ?
ਰਾਕੇਸ਼ ਰਾਠੌਰ ਦੇ ਪਿਤਾ ਠਾਕੁਰ ਗਣਪਤ ਰਾਏ ਇਕ ਸੁਲਝੇ ਹੋਏ ਸਿਆਸਤਦਾਨ ਅਤੇ ਬਾਲਕਾਲ ਤੋਂ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਜੁੜੇ ਸਨ। ਉਨ੍ਹਾਂ ਨੇ ਜਨਸੰਘ, ਜਨਤਾ ਪਾਰਟੀ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਭਾਜਪਾ ਖਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲੀ। ਉਹ ਐਮਰਜੈਂਸੀ ਦੌਰਾਨ 14 ਮਹੀਨਿਆਂ ਤੱਕ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਰਹੇ। ਸਵ. ਲਾਲਾ ਜਗਤ ਨਾਰਾਇਣ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਵਧੀਆ ਸਬੰਧ ਸਨ। ਇਨ੍ਹਾਂ ਹੀ ਸਬੰਧਾਂ ਕਾਰਨ ਸਵ . ਲਾਲਾ ਜੀ ਅਤੇ ਸਵ. ਰਮੇਸ਼ ਚੰਦਰ ਜੀ ਵੱਲੋਂ ਲੜੀਆਂ ਗਈਆਂ ਵੱਖ-ਵੱਖ ਚੋਣਾਂ ਵਿਚ ਠਾਕੁਰ ਗਣਪਤ ਰਾਏ ਨੇ ਚੋਣ ਪ੍ਰਬੰਧਕ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪੰਜਾਬ ਦੇ ਨਾਲ-ਨਾਲ ਹਿਮਾਚਲ ਦੀ ਰਾਜਨੀਤੀ ’ਚ ਵੀ ਉਨ੍ਹਾਂ ਦੀ ਪਕੜ ਕਾਫ਼ੀ ਡੂੰਘੀ ਸੀ। 1982 ਅਤੇ 1991 ’ਚ ਉਨ੍ਹਾਂ ਨੇ ਆਪਣੇ ਛੋਟੇ ਭਰਾ ਲਸ਼ਕਰੀ ਰਾਮ ਨੂੰ ਆਪਣੇ ਜੱਦੀ ਖੇਤਰ ਬਮਸਨ (ਹਮੀਰਪੁਰ) ਤੋਂ ਵਿਧਾਇਕ ਦੀ ਚੋਣ ਲੜਵਾਈ। 1985 ’ਚ ਪ੍ਰੋ. ਪ੍ਰੇਮ ਕੁਮਾਰ ਧੂਮਲ ਨੂੰ ਹਮੀਰਪੁਰ ਸੰਸਦੀ ਖੇਤਰ ਤੋਂ ਚੋਣ ਲੜਾਉਣ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News