ਭਾਜਪਾ ਨੇ ਕੁਝ ਇਸ ਤਰ੍ਹਾਂ ਮਨਾਇਆ ਪੀ. ਐੱਮ. ਮੋਦੀ ਦਾ ਜਨਮਦਿਨ
Tuesday, Sep 17, 2019 - 03:50 PM (IST)
ਜਲੰਧਰ (ਕਮਲੇਸ਼)— ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਦੇ ਪ੍ਰਧਾਨ ਰਮਨ ਬੱਬੀ ਦੀ ਪ੍ਰਧਾਨਗੀ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸੇਵਾ ਸਪਤਾਹ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਦੇ ਅਧੀਨ ਅੱਜ ਨੌਜਵਾਨ ਮੋਰਚਾ ਦੇ ਪ੍ਰਧਾਨ ਸੰਜੀਵ ਸ਼ਰਮਾ ਮਨੀ ਵੱਲੋਂ ਜ਼ਿਲਾ ਜਲੰਧਰ ਦੁਆਰਾ ਰੇਲਵੇ ਸਟੇਸ਼ਨ 'ਤੇ ਸਫਾਈ ਮੁਹਿੰਮ ਚਲਾਈ ਗਈ। ਇਸ 'ਚ ਮੁੱਖ ਰੂਪ ਨਾਲ ਭਾਜਪਾ ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ, ਜ਼ਿਲਾ ਪ੍ਰਧਾਨ ਰਮਨ ਬੱਬੀ, ਭਾਰਤੀ ਜਨਤਾ ਪਾਰਟੀ ਨੌਜਵਾਨ ਮੋਰਚਾ ਦੇ ਪ੍ਰਧਾਨ ਸੰਨੀ ਸ਼ਰਮਾ, ਸੇਵਾ ਸਪਤਾਹ ਦੇ ਜ਼ਿਲਾ ਕਨਵੀਨਰ ਕਿਸ਼ਨ ਲਾਲ ਸ਼ਰਮਾ ਆਦਿ ਮੌਜੂਦ ਸਨ। ਇਸ ਮੌਕੇ 'ਤੇ ਰਾਕੇਸ਼ ਰਾਠੌਰ ਨੇ ਸਾਰਿਆਂ ਨੂੰ ਮੋਦੀ ਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਵਰਕਰਾਂ ਨੂੰ ਸਹੁੰ ਚੁੱਕਵਾਈ ਕਿ ਉਹ ਸਾਰੇ ਆਪਣੇ ਨੇੜੇ ਸਫਾਈ ਦਾ ਧਿਆਨ ਰੱਖਣਗੇ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਅਤੇ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ।
ਇਸ ਮੌਕੇ ਭਾਜਪਾ ਨੌਜਵਾਨ ਮੋਰਚਾ ਪ੍ਰਧਾਨ ਸੰਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦੀ ਨੌਜਵਾਨ ਪੀੜ੍ਹੀ ਦੇਸ਼ ਦੀ ਸਫਾਈ ਕਰਨ ਲਈ ਅੱਗੇ ਨਹੀਂ ਆਉਂਦੀ, ਉਦੋਂ ਤੱਕ ਦੇਸ਼ ਸਾਫ ਨਹੀਂ ਹੋ ਸਕਦਾ। ਉਨ੍ਹਾਂ ਨੇ ਰਮਨ ਬੱਬੀ ਅਤੇ ਸੰਜੀਵ ਸ਼ਰਮਾ ਨੂੰ ਇਸ ਗੱਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਲੰਧਰ ਦੇ ਨੌਜਵਾਨ ਮੋਰਚੇ ਨੇ ਰੇਲਵੇ ਸਟੇਸ਼ਨ 'ਤੇ ਸਫਾਈ ਕਰਨ ਦਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਵਧੀਆ ਗੱਲ ਹੈ ਕਿ ਸੂਬਾ ਪ੍ਰਧਾਨ ਹੋਣ ਦੇ ਨਾਲ-ਨਾਲ ਉਹ ਜਲੰਧਰ ਦੇ ਵਾਸੀ ਹਨ। ਇਸ ਮੌਕੇ 'ਤੇ ਸੰਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਮੋਰਚਾ ਦੇ ਵਰਕਰਾਂ ਦੇ ਨਾਲ-ਨਾਲ ਸ਼ਹਿਰ ਦੇ ਹਰ ਨੌਜਵਾਨ ਨੂੰ ਇਸ 'ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਹੋਵੇਗਾ।
ਇਸ ਮੌਕੇ ਰਮਨ ਬੱਬੀ ਨੇ ਕਿਹਾ ਕਿ ਭਾਜਪਾ ਦਾ ਮੁੱਖ ਮਕਸਦ ਗਲੀਆਂ, ਸੜਕਾਂ ਨੂੰ ਸਾਫ ਸੁਥਰਾ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਫ ਸਫਾਈ ਭਗਵਾਨ ਦੀ ਭਗਤੀ ਦੇ ਬਰਾਬਰ ਹੈ ਅਤੇ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਵੱਛਤਾ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਵਕੀਲ ਅਰਜੁਨ ਖੁਰਾਨਾ, ਵਿਨੀਤ ਸ਼ਰਮਾ, ਰਾਜਿੰਦਰ ਸ਼ਰਮਾ, ਅਜੇ ਚੋਪੜਾ, ਅਮਰਜੀਤ ਸਿੰਘ ਗੋਲਡੀ, ਜ਼ਿਲਾ ਨੌਜਵਾਨ ਮੋਰਚਾ ਜਨਰਲ ਮੰਤਰੀ ਦਿਨੇਸ਼ ਸ਼ਰਮਾ, ਪੰਕਜ ਸਾਰੰਗਲ ਆਦਿ ਮੌਜੂਦ ਸਨ।