ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਵੇਰਵਾ

03/28/2023 11:41:15 PM

ਲੁਧਿਆਣਾ (ਗੌਤਮ): ਕੇਂਦਰ ਸਰਕਾਰ ਵੱਲੋਂ ਇਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਨਾਰਦਨ ਰੇਲਵੇ ਵੱਲੋਂ ਪਹਿਲੀ ਵਾਰ ਸਿੱਖ ਧਰਮ ਦੇ ਦੋ ਅਹਿਮ ਤਖ਼ਤ ਸਾਹਿਬਾਨਾਂ ਵਿਚਾਲੇ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਜੋੜਦੀ ਭਾਰਤ ਗੌਰਵ ਟੂਰਿਸਟ ਟਰੇਨ ਚਲਾਈ ਜਾ ਰਹੀ ਹੈ। ਇਹ ਗੁਰੂ ਕਿਰਪਾ ਯਾਤਰਾ 9 ਅਪ੍ਰੈਲ ਨੂੰ 7 ਦਿਨਾਂ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਬੀਦਰ ਦਾ ਪਵਿੱਤਰ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰਾ ਵੀ ਇਸ ਯਾਤਰਾ ਵਿਚ ਸ਼ਾਮਲ ਹੋਵੇਗਾ। ਇਸ ਦੌਰਾਨ ਟਰੇਨ ਤਕਰੀਬਨ 5100 ਕਿੱਲੋਮੀਟਰ ਦਾ ਸਫ਼ਰ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਵਿਰੋਧੀਆਂ 'ਤੇ ਵਰ੍ਹੇ PM ਮੋਦੀ, ਕਿਹਾ - ਕੁੱਝ ਪਾਰਟੀਆਂ ਨੇ ਵਿੱਢੀ ਹੈ 'ਭ੍ਰਿਸ਼ਟਾਚਾਰੀ ਬਚਾਓ ਮੁਹਿੰਮ'

ਮਿਲਣਗੀਆਂ ਇਹ ਸਹੂਲਤਾਂ

ਅਧਿਕਾਰੀਆਂ ਮੁਤਾਬਕ ਇਸ ਰੇਲ ਵਿਚ ਸਲੀਪਰ ਕਲਾਸ ਦੇ ਕੁੱਲ੍ਹ 9 ਕੋਚ, ਥਰਡ ਏ.ਸੀ. ਤੇ ਸੈਕੰਡ ਏ.ਸੀ. ਦੇ ਇਕ-ਇਕ ਕੋਚ ਨਾਲ 600 ਯਾਤਰੀ ਯਾਤਰਾ ਕਰ ਸਕਣਗੇ। ਰੇਲਵੇ ਵੱਲੋਂ ਪ੍ਰਤੀ ਵਿਅਕਤੀ ਸਲੀਪਰ ਕਲਾਸ ਦਾ ਕਿਰਾਇਆ 14100 ਰੁਪਏ, ਏ.ਸੀ. ਥਰਡ ਕਲਾਸ ਦਾ ਕਿਰਾਇਆ 24200 ਰੁਪਏ ਅਤੇ ਏਸੀ ਸੈਕੰਡ ਕਲਾਸ ਦਾ ਕਿਰਾਇਆ 32300 ਰੁਪਏ ਰੱਖਿਆ ਗਿਆ ਹੈ। ਪੈਟੀ ਕੋਚ ਦੀ ਸਹੂਲਤ ਵਾਲੀ ਇਸ ਟ੍ਰੇਨ ਵਿਚ ਯਾਤਰੀਆਂ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਰੇਲ ਯਾਤਰਾ ਦੌਰਾਨ ਭੋਜਨ ਤੋਂ ਇਲਾਵਾ ਹੋਟਲਾਂ ਵਿਚ ਰੁਕਣ ਤੇ ਬੱਸਾਂ ਵਿਚ ਘੁੰਮਣ ਦਾ ਪ੍ਰਬੰਧ, ਗਾਈਡ ਤੇ ਇੰਸ਼ੋਰੈਂਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਰੇਲ ਵਿਚ ਇੰਫੋਟੇਨਮੈਂਟ, ਸੀ.ਸੀ.ਟੀ.ਵੀ. ਕੈਮਰਾ ਤੇ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਅਗਨੀਪਥ ਯੋਜਨਾ 'ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਇਨ੍ਹਾਂ ਸ਼ਹਿਰਾਂ ਤੋਂ ਸਵਾਰ ਹੋ ਸਕਣਗੇ ਯਾਤਰੀ

ਬੁਕਿੰਗ ਤੋਂ ਬਾਅਦ ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਤੇਦਿੱਲੀ ਸਫਰਦਰਜੰ ਰੇਲਵੇ ਸਟੇਸ਼ਨ ਤੋਂ ਯਾਤਰੀ ਸਵਾਰ ਹੋ ਸਕਣਗੇ। ਬੁਕਿੰਗ ਲਈ ਯਾਤਰੀ ਡੈਬਿਟ ਤੇ ਕ੍ਰੈਡਿਕ ਕਾਰਡ ਰਾਹੀਂ ਕਿਸ਼ਤਾਂ ਵਿਚ ਵੀ ਭੁਗਤਾਨ ਕਰ ਸਕਣਗੇ। ਯਾਤਰਾ ਸੰਪੰਨ ਹੋਣ ਤੋਂ ਬਾਅਦ ਵਾਪਸੀ 'ਤੇ ਟਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ ਤੇ ਯਾਤਰੀਆਂ ਨੂੰ ਹੋਰ ਸਟੇਸ਼ਨਾਂ 'ਤੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਭੇਜਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਆਈ.ਆਰ.ਸੀ.ਟੀ.ਸੀ.ਟੀ. ਦੀ ਵੈੱਬਸਾਈਟ ਨੂੰ ਵੇਖਿਆ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News