ਜੁਲਾਈ ''ਚ ਮਿਲੇਗਾ 400 ਕਰੋੜ ਦਾ ਬਕਾਇਆ ਵੈਟ ਰੀਫੰਡ : ਮੰਤਰੀ ਆਸ਼ੂ
Sunday, Jun 10, 2018 - 05:15 AM (IST)
ਲੁਧਿਆਣਾ(ਜ.ਬ.)-ਇੰਡਸਟਰੀ ਦੀ ਚਿਰਾਂ ਤੋਂ ਚੱਲੀ ਆ ਰਹੀ ਵੈਟ ਰੀਫੰਡ ਦੀ ਮੰਗ ਸਬੰਧੀ ਵਿਸ਼ਵਾਸ ਦਿੰਦੇ ਹੋਏ ਮੰਤਰੀ ਆਸ਼ੂ ਨੇ ਬਕਾਇਆ 400 ਕਰੋੜ ਦੇ ਵੈਟ ਰੀਫੰਡ ਨੂੰ ਜੁਲਾਈ ਮਹੀਨੇ 'ਚ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਐੱਸ. ਆਰ.) ਫੰਡ ਦੀ ਯੋਗ ਵਰਤੋਂ ਨਾਲ ਰਾਜ ਦੇ ਉਦਯੋਗਿਕ ਤੇ ਇੰਡਸਟਰੀਅਲ ਖੇਤਰਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਲਈ ਕਾਰੋਬਾਰੀਆਂ ਨੂੰ ਜ਼ਿਆਦਾ ਬੂਟੇ ਲਾਉਣ ਦੀ ਸਲਾਹ ਦਿੱਤੀ। ਸ਼ੁੱਕਰਵਾਰ ਨੂੰ ਇਕ ਹੋਟਲ 'ਚ ਇੰਡਸਟਰੀ ਦੇ ਰੂ-ਬਰੂ ਹੋਣ ਪੁੱਜੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾਰ, ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਦੀਪਕ ਉੱਪਲ ਤੇ ਸੰਨੀ ਭੱਲਾ ਦਾ ਲੁਧਿਆਣਾ ਫੋਕਲ ਪੁਆਇੰਟ ਐਸੋਸੀਏਸ਼ਨ ਫੇਜ਼-4 ਦੇ ਚੇਅਰਮੈਨ ਜੋਗਿੰਦਰ ਕੁਮਾਰ ਤੇ ਪ੍ਰਧਾਨ ਰਾਜਨ ਗੁਪਤਾ ਦੀ ਅਗਵਾਈ 'ਚ ਉੱਦਮੀਆਂ ਨੇ ਫੁੱਲਾਂ ਨਾਲ ਸਵਾਗਤ ਕੀਤਾ।
ਮੀਟਿੰਗ 'ਚ ਚੇਅਰਮੈਨ ਜੋਗਿੰਦਰ ਕੁਮਾਰ ਤੇ ਪ੍ਰਧਾਨ ਰਾਜਨ ਗੁਪਤਾ ਨੇ ਕੈਬਨਿਟ ਮੰਤਰੀ ਨੂੰ ਉਦਯੋਗਿਕ ਸ਼ਹਿਰ ਦੇ ਉੱਦਮੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਗੁਪਤਾ ਨੇ ਕਿਹਾ ਕਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਫੋਕਲ ਪੁਆਇੰਟ ਫੇਜ਼-4 ਦੇ ਕਾਰੋਬਾਰੀ ਕਿਸ ਤਰ੍ਹਾਂ ਆਪਣੀਆਂ ਇਕਾਈਆਂ ਦਾ ਕੰਮ ਜਾਰੀ ਰਖਦਿਆਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਸੰਸਥਾ ਵੱਲੋਂ ਰੱਖੀਆਂ ਗਈਆਂ ਮੰਗਾਂ 'ਚ ਫੇਜ਼-4 ਦੀ ਮੁੱਖ ਸੜਕ ਨੂੰ ਆਰ. ਸੀ. ਸੀ. ਨਾਲ ਬਣਵਾਉਣ ਦੀ ਗੁਹਾਰ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਇਲਾਕਾ ਹੋਣ ਕਾਰਨ ਇਨ੍ਹਾਂ ਸੜਕਾਂ 'ਤੇ 30 ਤੋਂ 100 ਟਨ ਰਾਅ ਮਟੀਰੀਅਲ ਵਾਲੇ ਵਪਾਰਕ ਵਾਹਨਾਂ ਦਾ ਨਿਯਮ ਨਾਲ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਲਈ ਇਨ੍ਹਾਂ ਸੜਕਾਂ ਦਾ ਨਿਰਮਾਣ ਆਰ. ਸੀ. ਸੀ. ਨਾਲ ਕਰਵਾਉਂਦੇ ਹੋਏ ਸਰਕਾਰੀ ਕਰ ਦੀ ਬੱਚਤ ਦੇ ਨਾਲ ਹੀ ਚੰਗੇ ਢਾਂਚੇ ਦੀ ਉਪਲਬਧਤਾ ਹੋਵੇਗੀ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਪਟੜੀ ਬਣਾ ਕੇ ਪਾਰਕਿੰਗ ਹੀ ਨਹੀਂ ਇਲਾਕੇ ਨੂੰ ਸੁੰਦਰ ਬਣਾਇਆ ਜਾਣਾ ਚਾਹੀਦਾ ਹੈ। ਜਨਰਲ ਸਕੱਤਰ ਅਸ਼ੋਕ ਗੁਪਤਾ ਤੇ ਵਿਨੀਤ ਅਗਰਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਵਪਾਰ ਕਰ ਰਹੀਆਂ ਉਨ੍ਹਾਂ ਦੀਆਂ ਇਕਾਈਆਂ 'ਚ ਵਿਦੇਸ਼ੀ ਖਰੀਦਦਾਰਾਂ ਦਾ ਲਗਾਤਾਰ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਜਿਹੇ 'ਚ ਬਰਸਾਤੀ ਪਾਣੀ ਦੇ ਨਿਕਾਸ ਹਿੱਤ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ਹੈ। ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਰ ਕੇ ਸੜਕਾਂ ਦੇ ਜਲਦ ਟੁੱਟਣ ਦੀ ਸਮੱਸਿਆ ਵੀ ਮੁੱਖ ਵਜ੍ਹਾ ਹੈ। ਸੀਨੀਅਰ ਉਪ ਪ੍ਰਧਾਨ ਸੁਭਾਸ਼ ਭਾਰਦਵਾਜ, ਰਾਕੇਸ਼ ਗਰਗ ਤੇ ਸੀਤਾਰਾਮ ਬਾਂਸਲ ਨੇ ਦੱਸਿਆ ਕਿ ਇਲਾਕੇ 'ਚ ਮੁਹੱਈਆ ਸੀਵਰੇਜ ਸਿਸਟਮ ਲਗਭਗ 30 ਤੋਂ 35 ਸਾਲ ਪੁਰਾਣਾ ਹੋਣ ਕਾਰਨ ਆਮ ਕਰ ਕੇ ਬਲਾਕੇਜ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ, ਨਾਲ ਹੀ ਕਈ ਵਾਰ ਤਾਂ ਨਤੀਜੇ ਵਜੋਂ ਪੀਣ ਤੇ ਸੀਵਰੇਜ ਦਾ ਪਾਣੀ ਵੀ ਆਪਸ 'ਚ ਮਿਕਸ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਵਿਸ਼ ਜੈਨ ਤੇ ਗੌਰਵ ਵਰਮਾ ਨੇ ਵਿਧਾਇਕ ਨੂੰ ਇਲਾਕੇ ਦੀਆਂ ਸੜਕਾਂ ਤੇ ਰੇਲਵੇ ਲਾਈਨਾਂ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਜਦੋਂਕਿ ਇਲਾਕੇ 'ਚ ਸਟਰੀਟ ਲਾਈਟਾਂ, ਪਾਰਕ ਤੇ ਗ੍ਰੀਨ ਬੈਲਟ ਮੇਨਟੀਨੈਂਸ ਆਦਿ ਵਰਗੀਆਂ ਸਮੱਸਿਆਵਾਂ ਦੱਸੀਆਂ ਗਈਆਂ।
