ਫੂਡ ਸਪਲਾਈ ਟੀਮ ਵਲੋਂ ਫਰਜ਼ੀ ਬਿਲਿੰਗ ਦੀ ਧੋਖਾਦੇਹੀ ਦਾ ਪਰਦਾਫਾਸ਼ : ਆਸ਼ੂ

11/25/2019 1:16:31 PM

ਚੰਡੀਗੜ੍ਹ (ਸ਼ਰਮਾ) : ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਚੌਕਸੀ ਟੀਮਾਂ ਵਲੋਂ ਸਥਾਨਕ ਮੰਡੀਆਂ 'ਚ ਸੂਬੇ ਤੋਂ ਬਾਹਰਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਹ ਜਾਣਕਾਰੀ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਆਸ਼ੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਕਤਸਰ ਸਥਿਤ ਇਕ ਸ਼ੈਲਰ ਦੇ ਮਾਲਕ ਵਲੋਂ ਫਰਜ਼ੀ ਬਿਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮੈਸਰਜ਼ .ਆਰ. ਕੇ. ਵਿਸ਼ਾਲ ਰਾਈਸ ਐਂਡ ਜਨਰਲ ਮਿੱਲਜ਼, ਬਰੀਵਾਲਾ, ਜ਼ਿਲਾ ਮੁਕਤਸਰ ਦੀ ਗੈਰਕਾਨੂੰਨੀ ਸੌਦੇਬਾਜ਼ੀ 'ਤੇ ਸ਼ੱਕ ਸੀ। ਸ਼ੈਲਰ 'ਚ ਕੀਤੀ ਛਾਪੇਮਾਰੀ ਅਤੇ ਮੌਕੇ ਦੀ ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਮਿੱਲ ਮਾਲਕ ਨੇ ਸਥਾਨਕ ਮੰਡੀਆਂ ਤੋਂ ਕੀਤੀ ਖ਼ਰੀਦ ਨੂੰ ਆਪਣੇ ਰਿਕਾਰਡ 'ਚ ਦਿਖਾਇਆ ਸੀ ਪਰ ਅਸਲ 'ਚ ਉਸ ਨੇ ਅਜਿਹਾ ਨਹੀਂ ਕੀਤਾ ਸੀ। ਦਰਅਸਲ, ਭੰਡਾਰ 'ਚ ਝੋਨੇ ਦੀਆਂ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ ਗਈਆਂ ਜੋ ਕਥਿਤ ਤੌਰ 'ਤੇ ਸਥਾਨਕ ਮੰਡੀਆਂ ਤੋਂ ਖਰੀਦੀਆਂ ਦਿਖਾਈਆਂ ਗਈਆਂ ਸੀ।

ਮਿੱਲ ਦੇ ਰਿਕਾਰਡ ਅਨੁਸਾਰ ਝੋਨੇ ਦੀਆਂ 83303 ਬੋਰੀਆਂ (ਹਰੇਕ 37.5 ਕਿਲੋ) ਜਿਨ੍ਹਾਂ ਦਾ ਕੁੱਲ ਵਜ਼ਨ 3123 ਟਨ ਬਣਦਾ ਹੈ, 23 ਨਵੰਬਰ ਤੱਕ ਮਿੱਲ 'ਚ ਹੀ ਭੰਡਾਰ ਕਰ ਕੇ ਰੱਖੀਆਂ ਗਈਆਂ ਸਨ ਪਰ ਮੌਕੇ 'ਤੇ ਸਿਰਫ 74281 ਬੋਰੀਆਂ ਹੀ ਪਾਈਆਂ ਗਈਆਂ, ਜਿਨ੍ਹਾਂ ਦਾ ਕੁੱਲ ਵਜ਼ਨ 2785 ਟਨ ਬਣਦਾ ਹੈ। ਇਸ ਲਈ ਮਿੱਲ 'ਚ ਝੋਨੇ ਦੀਆਂ ਕੁੱਲ 9022 ਬੋਰੀਆਂ (ਹਰੇਕ 37.5ਕਿਲੋ) (338 ਟਨ) ਦੀ ਘਾਟ ਦੇਖੀ ਗਈ। ਫਰਜ਼ੀ ਬਿਲਿੰਗ ਤੋਂ ਇਲਾਵਾ ਨਿਰੀਖਣ ਅਧਿਕਾਰੀਆਂ ਦੀ ਟੀਮ ਨੂੰ ਸੂਬੇ ਤੋਂ ਬਾਹਰਲੇ ਝੋਨੇ ਦੀਆਂ ਖਾਲੀ ਬੋਰੀਆਂ ਵੀ ਮਿਲੀਆਂ, ਜਿਨ੍ਹਾਂ 'ਚ ਉਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਬੋਰੀਆਂ ਸ਼ਾਮਲ ਸਨ। ਇਸ ਨਾਲ ਇਹ ਤੱਥ ਸਾਹਮਣੇ ਆਏ ਕਿ ਮਿੱਲਰ ਨੇ ਮੰਡੀ 'ਚੋਂ ਫਰਜ਼ੀ ਬਿਲਿੰਗ ਰਾਹੀਂ ਝੋਨੇ ਦੀ ਖ਼ਰੀਦ ਨੂੰ ਆਪਣੇ ਸ਼ੈਲਰ 'ਚ ਦਿਖਾਇਆ ਸੀ, ਜਦੋਂ ਕਿ ਅਸਲ 'ਚ ਝੋਨਾ ਮਿੱਲ 'ਚ ਆਇਆ ਹੀ ਨਹੀਂ ਸੀ ਅਤੇ ਮਿੱਲਰ ਹੋਰਾਂ ਰਾਜਾਂ ਤੋਂ ਸਸਤਾ ਝੋਨਾ ਖਰੀਦ ਕੇ ਆਪਣੇ ਝੋਨੇ ਦਾ ਲੋੜੀਂਦਾ ਭੰਡਾਰ ਪੂਰਾ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਕਸਟਮ ਮਿਲਿੰਗ ਪਾਲਿਸੀ 2019-20 ਦੀਆਂ ਧਾਰਾਵਾਂ ਤਹਿਤ ਮਿੱਲ 'ਤੇ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News