ਡੇਰਾ ਸਮਰਥਕਾਂ ਦੇ ਘਰਾਂ ''ਚ ਰਸਦ ਦੇ ਭੰਡਾਰ

Thursday, Aug 24, 2017 - 08:11 AM (IST)

ਡੇਰਾ ਸਮਰਥਕਾਂ ਦੇ ਘਰਾਂ ''ਚ ਰਸਦ ਦੇ ਭੰਡਾਰ

ਚੰਡੀਗੜ੍ਹ  (ਹਾਂਡਾ) - ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ 19 ਅਗਸਤ ਨੂੰ ਜਦੋਂ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਨਹੀਂ ਹੋਏ ਸਨ ਤਾਂ ਉਨ੍ਹਾਂ ਦੇ ਸਲਾਹਕਾਰਾਂ ਨੂੰ ਪਤਾ ਸੀ ਕਿ ਮਾਮਲੇ 'ਚ ਫੈਸਲਾ ਆਉਣ ਵਾਲਾ ਹੈ। ਅਦਾਲਤ ਨੇ ਉਨ੍ਹਾਂ ਨੂੰ ਇਕ ਮੌਕਾ ਹੋਰ ਦਿੰਦੇ ਹੋਏ 25 ਅਗਸਤ ਨੂੰ ਕੋਰਟ 'ਚ ਹਾਜ਼ਰ ਹੋਣ ਲਈ ਕਹਿੰਦੇ ਹੋਏ ਉਸੇ ਦਿਨ ਫੈਸਲਾ ਸੁਣਾਏ ਜਾਣ ਦੀ ਗੱਲ ਕਹੀ ਸੀ। ਫੈਸਲੇ ਦੀ ਘੜੀ ਨੇੜੇ ਆਉਂਦੀ ਦੇਖ ਕੇ ਡੇਰਾ ਦੇ ਸਲਾਹਕਾਰਾਂ ਨੇ ਰਣਨੀਤੀ ਬਣਾਉਂਦੇ ਹੋਏ ਪੰਚਕੂਲਾ ਤੇ ਆਸ-ਪਾਸ ਰਹਿ ਰਹੇ ਡੇਰਾ ਸਮਰਥਕਾਂ ਦੇ ਘਰਾਂ 'ਚ ਰਸਦ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ, ਤਾਂ ਜੋ ਪੇਸ਼ੀ ਦੌਰਾਨ ਆਉਣ ਵਾਲੇ ਡੇਰਾ ਸਮਰਥਕਾਂ ਲਈ ਖਾਣ-ਪੀਣ ਦੀ ਕਮੀ ਨਾ ਹੋਵੇ। ਪੁਲਸ ਦੋ ਦਿਨ ਪਹਿਲਾਂ ਹਰਕਤ 'ਚ ਆਈ ਪਰ ਉਸ ਤੋਂ ਪਹਿਲਾਂ ਹੀ ਇਕ ਹਫਤੇ ਦਾ ਰਾਸ਼ਨ ਜਮ੍ਹਾ ਕੀਤਾ ਜਾ ਚੁੱਕਾ ਹੈ, ਜੋ ਕਿ ਤਿੰਨ ਲੱਖ ਲੋਕਾਂ ਦਾ ਚਾਰ ਦਿਨ ਤਕ ਢਿੱਡ ਭਰਨ ਲਈ ਕਾਫੀ ਹੈ।
ਸੂਤਰਾਂ ਅਨੁਸਾਰ ਸੈਕਟਰ-23 ਦੇ ਡੇਰਾ ਭਵਨ 'ਚ ਵੀ ਕਾਫੀ ਮਾਤਰਾ 'ਚ ਰਾਸ਼ਨ ਜਮ੍ਹਾ ਹੈ। ਖੁਫੀਆ ਏਜੰਸੀਆਂ ਨੂੰ ਉਕਤ ਜਾਣਕਾਰੀ ਮਿਲ ਚੁੱਕੀ ਹੈ ਪਰ ਅਜੇ ਅਜਿਹਾ ਕੁਝ ਨਹੀਂ ਕੀਤਾ ਜਾਵੇਗਾ, ਜਿਸ ਨਾਲ ਕਿ ਗਲਤ ਨਤੀਜੇ ਨਿਕਲਣ।
ਡੇਰਾ ਸਮਰਥਕਾਂ ਨੂੰ ਵਿਸ਼ਵਾਸ, ਨਹੀਂ ਹੋਵੇਗੀ ਸਜ਼ਾ
ਪੰਚਕੂਲਾ ਪਹੁੰਚ ਰਹੇ ਡੇਰਾ ਸਮਰਥਕਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਪਿਤਾ ਜੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਨਹੀਂ ਹੋਵਗੀ, ਬਲਕਿ ਕੋਰਟ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦੇਵੇਗੀ। ਸੁਮਨ ਨਾਂ ਦੀ ਸਮਰਥਕ ਦਾ ਕਹਿਣਾ ਹੈ ਕਿ ਪਿਤਾ ਜੀ ਨੂੰ ਸਜ਼ਾ ਨਹੀਂ ਹੋ ਸਕਦੀ, ਜੇ ਅਜਿਹਾ ਹੋਇਆ ਤਾਂ ਉਨ੍ਹਾਂ ਦਾ ਭਗਵਾਨ ਤੋਂ ਵਿਸ਼ਵਾਸ ਉੱਠ ਜਾਵੇਗਾ। ਡੇਰਾ ਸਮਰਥਕ ਸਰਲਾ ਨੇ ਕਿਹਾ ਕਿ ਭਾਰਤ ਨੂੰ ਪਿਤਾ ਜੀ ਨੇ ਪਹਿਚਾਣ ਦਿੱਤੀ ਹੈ, ਜੇ ਉਨ੍ਹਾਂ ਨੂੰ ਹੀ ਸਜ਼ਾ ਹੋ ਗਈ ਤਾਂ ਭਾਰਤ ਦੀ ਸ਼ਾਨ ਨੂੰ ਦਾਗ ਲੱਗ ਜਾਵੇਗਾ। ਬ੍ਰਿਜ ਲਾਲ ਨੇ ਤਾਂ ਇਥੋਂ ਤਕ ਬੋਲ ਦਿੱਤਾ ਕਿ ਜੇ ਡੇਰਾ ਪ੍ਰਮੁੱਖ ਨੂੰ ਸਜ਼ਾ ਹੋਈ ਤਾਂ ਉਹ ਵਾਪਿਸ ਘਰ ਨਹੀਂ ਜਾਵੇਗਾ।


Related News