ਭਾਖੜਾ ਡੈਮ ''ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਗਏ ਫਲੱਡ ਗੇਟ
Friday, Aug 16, 2019 - 09:58 PM (IST)

ਨੰਗਲ (ਗੁਰਭਾਗ)- ਮੌਸਮ ਵਿਭਾਗ ਦੀ ਚਿਤਾਵਨੀ ਨੂੰ ਵੇਖਦੇ ਹੋਏ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਇਸ ਸਬੰਧੀ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਅਸ਼ਵਨੀ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਖੜਾ ਡੈਮ ਦੇ ਪਾਣੀ ਦਾ ਲੈਵਲ 1680 ਫੁੱਟ ਤਕ ਰੱਖਿਆ ਜਾ ਸਕਦਾ ਹੈ। ਅੱਜ 1674 ਫੁੱਟ 'ਤੇ ਪਾਣੀ ਪੁੱਜਣ ਕਾਰਣ ਬੀ.ਬੀ.ਐੱਮ ਬੀ. ਨੂੰ ਹਾਈ ਫਲੱਡ ਗੇਟ ਖੋਲ੍ਹਣੇ ਪਏ ਅਤੇ ਇਸ ਵਿਚੋਂ 36000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਅੱਜ ਹੜ੍ਹ ਤੋਂ ਬਚਾਅ ਲਈ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲਿਆ ਗਿਆ। ਅੱਜ 19000 ਕਿਊਸਿਕ ਪਾਣੀ ਫਲੱਡ ਗੇਟਾਂ ਰਾਹੀਂ ਛੱਡਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਵਿਚੋਂ ਛੱਡੇ ਜਾਣ ਵਾਲੇ ਪਾਣੀ ਸਮੇਤ ਇਹ ਪਾਣੀ 55000 ਕਿਊਸਿਕ ਹੋਵੇਗਾ।
ਚੀਫ ਇੰਜੀਨੀਅਰ ਨੇ ਕਿਹਾ ਕਿ ਇਸ ਸਾਰੀ ਕਾਰਵਾਈ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਇਸ ਦੇ ਨਾਲ ਕਿਸੇ ਤਰ੍ਹਾਂ ਵੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੋਵੇਗਾ। ਪਾਣੀ ਛੱਡੇ ਜਾਣ ਬਾਰੇ ਡੀ.ਸੀ. ਰੂਪਨਗਰ ਤੇ ਐੱਸ.ਡੀ.ਐੱਮ. ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਚੀਫ ਇੰਜੀ. ਹੁਸਨ ਲਾਲ ਕੰਬੋਜ, ਕੇ. ਕੇ. ਸੂਦ, ਐੱਸ. ਕੇ. ਬੇਦੀ, ਸਤੀਸ਼ ਸਿੰਗਲਾ ਅਤੇ ਸਤਨਾਮ ਸਿੰਘ ਏ. ਪੀ. ਆਰ. ਓ. ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।