ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਧਾਰਮਿਕ ਸਟੇਜਾਂ ਛੱਡਣ ਦਾ ਐਲਾਨ

Friday, Feb 21, 2020 - 07:34 PM (IST)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਧਾਰਮਿਕ ਸਟੇਜਾਂ ਛੱਡਣ ਦਾ ਐਲਾਨ

ਚੰਡੀਗੜ੍ਹ,(ਟੱਕਰ)- ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਪਿਛਲੇ ਸਮੇਂ ਤੋਂ ਕੁੱਝ ਸਿੱਖ ਜੱਥੇਬੰਦੀਆਂ ਦੇ ਵਿਰੋਧ ਕਾਰਨ ਵਿਵਾਦਾਂ 'ਚ ਘਿਰੇ ਹੋਏ ਹਨ। ਉਨ੍ਹਾਂ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਅੱਜ ਤੋਂ ਬਾਅਦ ਦੇਸ਼-ਵਿਦੇਸ਼ਾਂ 'ਚ ਜੋ ਧਾਰਮਿਕ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ, ਉਹ ਛੱਡ ਦਿੱਤੀਆਂ ਹਨ। ਇਹ ਫੈਸਲਾ ਉਨ੍ਹਾਂ ਕਿਉਂ ਲਿਆ, ਇਸ ਸਬੰਧੀ ਉਹ ਜਲਦ ਹੀ ਵੀਡਿਓ ਜਾਰੀ ਕਰ ਸੰਗਤਾਂ ਦੇ ਰੂਬਰੂ ਹੋਣਗੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਹਮੇਸ਼ਾ ਇਹੀ ਕਿਹਾ ਗਿਆ ਹੈ ਕਿ ਹਰੇਕ ਮਸਲੇ ਦਾ ਹੱਲ ਬੈਠ ਕੇ ਸੰਵਾਦ ਰਾਹੀਂ ਕੀਤਾ ਜਾ ਸਕਦਾ ਹੈ, ਇਸ ਲਈ ਉਹ ਜੱਥੇਦਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਟੀ. ਵੀ. ਚੈਨਲ ਰਾਹੀਂ ਸੰਵਾਦ ਕਰਨ ਨੂੰ ਤਿਆਰ ਹਨ, ਜਿਸ ਵਿਚ ਇੱਕ ਘੰਟੇ ਦਾ ਸਮਾਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 40 ਮਿੰਟ ਤੁਹਾਡੇ ਹੋਣਗੇ, ਜਿਸ 'ਚ ਤੁਸੀਂ ਮੈਨੂੰ ਸਵਾਲ ਪੁੱਛਿਓ ਅਤੇ 20 ਮਿੰਟ ਮੇਰੇ ਹੋਣਗੇ, ਜਿਸ 'ਚ ਮੈਂ ਸਵਾਲਾਂ ਦੇ ਜਵਾਬ ਦੇਵਾਂਗਾ, ਜਿਸਦਾ ਫੈਸਲਾ ਸੰਗਤ ਕਰੇਗੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੂਰਜ ਗ੍ਰੰਥ 'ਚ ਜੋ ਸਾਡੇ ਗੁਰੂ ਸਾਹਿਬਾਨਾਂ ਸਬੰਧੀ ਲਿਖਿਆ ਗਿਆ ਹੈ, ਉਸ ਬਾਰੇ ਤਾਂ ਕਿਸੇ ਗੈਰ ਧਰਮ ਵਾਲੇ ਵਿਅਕਤੀ ਨੇ ਇਲਜ਼ਾਮ ਨਹੀਂ ਲਗਾਏ, ਜਿੰਨੇ ਦਾਗ ਗੁਰੂਆਂ ਬਾਰੇ ਸੂਰਜ ਗ੍ਰੰਥ ਵਿਚ ਲਿਖੇ ਹੋਏ ਹਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਤੱਕ ਤਾਂ ਨਾ ਇਨਸਾਫ਼ ਇਨ੍ਹਾਂ ਨੇ ਮੇਰੇ ਨਾਲ ਕੀਤਾ ਅਤੇ ਨਾ ਹੀ ਮੈਨੂੰ ਅੱਗੇ ਤੋਂ ਉਮੀਦ ਹੈ। ਉਨ੍ਹਾਂ ਕਿਹਾ ਕਿ ਮੈਂ ਸਿਸਟਮ 'ਤੇ ਸਵਾਲ ਕੀਤਾ ਅਤੇ ਅੱਗੇ ਤੋਂ ਵੀ ਕਰਦਾ ਰਹਾਂਗਾ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੂੰ ਵੀ ਇੱਕ ਚੈਲੇਂਜ ਕੀਤਾ। ਜਿਸ ਸਬੰਧੀ ਉਹ ਜਲਦ ਹੀ ਦੱਸਣਗੇ।


Related News