ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ ’ਚੋਂ ਮੁਕਤ ਕਰਵਾਉਣਾ ਜ਼ਰੂਰੀ : ਜਥੇ. ਰਣਜੀਤ ਸਿੰਘ

Friday, Jul 06, 2018 - 06:15 AM (IST)

ਨਾਭਾ(ਪੁਰੀ)-ਪੰਥਕ ਅਕਾਲੀ ਲਹਿਰ ਦੇ ਆਗੂ ਅਤੇ  ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਰਮ ਦੀ ਰਾਖੀ ਲਈ ਗੁਰੂ-ਘਰ ਦੀਆਂ ਗੋਲਕਾਂ, ਜ਼ਮੀਨਾਂ-ਜਾਇਦਾਦਾਂ ਦੀ ਲੁੱਟ ਨੂੰ ਰੋਕਣ ਲਈ ਸੰਗਤ ਨੂੰ ਆਪ ਅੱਗੇ ਆ  ਕੇ ਬਾਦਲ ਪਰਿਵਾਰ ਦੀ ਮਲਕੀਅਤ ਬਣੀ ਸ਼ੋਮਣੀ ਕਮੇਟੀ ਨੂੰ ਇਸ ਦੇ ਸਿਕੰਜੇ ’ਚੋਂ  ਮੁਕਤ  ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਥ ਦੇ ਠੇਕੇਦਾਰਾਂ ਦੇ ਆਪਣੇ ਰਾਜ ਵਿਚ ਸ਼ਬਦ ਗੁਰੂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨੇਕਾਂ ਵਾਰ ਬੇਅਦਬੀ ਹੋਈ। ਇਸ ਦੇ ਵਿਰੋਧ ਵਿਚ ਬੈਠੇ ਨੌਜਵਾਨ ਸਿੰਘਾਂ ਦਾ ਕਤਲ ਪੰਜਾਬ ਪੁਲਸ ਦੀ ਗੋਲੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਹੁਣ ਤੱਕ  ਨਹੀਂ ਫਡ਼ਿਆ ਗਿਆ। ਸਿੱਖ ਕੌਮ ਨੂੰ ਸਹੀ ਸੇਧ ਨਾ ਮਿਲਣ ਕਾਰਨ ਉਹ ਆਪਣੇ-ਆਪ ਨੂੰ ਲਾਵਾਰਸ ਮਹਿਸੂਸ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਸਾਰੇ ਹਲਕਿਆਂ ਵਿਚ ਜਾ ਕੇ ਕੌਮ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਅਸਲ ਸਚਾਈ ਸਾਹਮਣੇ ਲਿਅਾਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਚਲਾਈ ਗਈ ਪੰਥਕ ਅਕਾਲੀ ਲਹਿਰ ਨੂੰ ਸਿਆਸਤ ਤੋਂ ਦੂਰ ਰੱਖ ਕੇ ਨਿਰੋਲ ਧਾਰਮਕ ਕੰਮ ਕੀਤੇ ਜਾਣਗੇ। ਸਿੱਖ ਸੰਗਤਾਂ ਪੰਥਕ ਅਕਾਲੀ ਲਹਿਰ ਦਾ ਹਿੱਸਾ ਜ਼ਰੂਰ ਬਣੇ। ਇਸ ਮੌਕੇ ਸਰੂਪ ਸਿੰਘ  ਅਤੇ ਰਾਜਿੰਦਰ ਸਿੰਘ ਫਤਿਹਗਡ਼੍ਹ ਛੰਨਾਂ ਆਗੂ ਪੰਥਕ ਲਹਿਰ, ਗੁਰਚਰਨ ਸਿੰਘ ਹੈਪੀ ਪਾਲੀਆਂ, ਰਵਿੰਦਰ ਸਿੰਘ ਮੂੰਗੋ, ਧਰਮ ਸਿੰਘ, ਹਰਪਾਲ ਸਿੰਘ, ਮਾਸਟਰ ਚਰਨ ਸਿੰਘ ਨਿੱਜੀ ਸਹਾਇਕ ਜੱਥੇ., ਮੇਵਾ ਸਿੰਘ ਪਾਲੀਆਂ ਕਲਾਂ, ਪਵਿੱਤਰ ਸਿੰਘ ਸਾਲੂਵਾਲ, ਗੁਰਿੰਦਰਜੀਤ ਸਿੰਘ, ਤੇਜਿੰਦਰ ਸਿੰਘ, ਰਣਜੀਤ ਸਿੰਘ ਚੌਧਰੀਮਾਜਰਾ, ਹਰਵੀਰ ਸਿੰਘ ਢੀਂਡਸਾ, ਨੌਨਿਹਾਲ ਸਿੰਘ, ਅਜਾਇਬ ਸਿੰਘ  ਅਤੇ ਸੁਖਲੀਮ ਸਿੰਘ ਆਦਿ ਹਾਜ਼ਰ ਸਨ।
 


Related News