ਅਸੀਂ ਪਹਿਲ ਕਦਮੀ ਕਰ ਦਿੱਤੀ, ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੁੰਗਾਰੇ ਦਾ ਇੰਤਜ਼ਾਰ : ਭਾਈ ਮੰਡ
Thursday, Jun 15, 2023 - 12:05 AM (IST)
ਅੰਮ੍ਰਿਤਸਰ (ਸਰਬਜੀਤ) : 2015 'ਚ ‘ਸਰਬੱਤ ਖਾਲਸਾ’ ਨਾਂ ਦੇ ਹੋਏ ਇਕੱਠ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਥਾਪੇ ਗਏ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਸੀ ਏਕਤਾ ਕਰਨ ਲਈ ਪੱਤਰ ਲਿਖਿਆ ਹੈ। ਇਸ ਸਬੰਧੀ ਭਾਈ ਮੰਡ ਨੇ ਕਿਹਾ ਕਿ ਉਨ੍ਹਾਂ ਨੇ ਪਹਿਲ ਕਦਮੀ ਕਰ ਦਿੱਤੀ ਹੈ, ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੁੰਗਾਰੇ ਦਾ ਇੰਤਜ਼ਾਰ ਰਹੇਗਾ। ਉਨ੍ਹਾਂ ਕਿਹਾ ਕਿ 6 ਜੂਨ ਤੋਂ ਬਾਅਦ ਪੰਥਕ ਆਗੂਆਂ, ਬੁੱਧੀਜੀਵੀਆਂ ਤੇ ਸੰਗਤਾਂ ਨੇ ਸਾਨੂੰ ਇਕੱਠੇ ਹੋਣ ਅਤੇ ਪਹਿਲ ਕਰਨ ਲਈ ਕਿਹਾ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਹੈ।
ਇਹ ਵੀ ਪੜ੍ਹੋ : Big News : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਨੂੰ ਦਿੱਤਾ ਗਿਆ ਜ਼ਹਿਰ
ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਅਗਲਾ ਕਦਮ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਪੱਤਰ ਵਿਚ ਸਪੱਸ਼ਟ ਲਿਖਿਆ ਹੈ ਕਿ ਇਹ ਸਾਰੀ ਕੌਮ ਅਤੇ ਸੰਸਾਰ ਦੇ ਧਿਆਨ 'ਚ ਹੈ ਕਿ ਆਪ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਸੌਂਪੀ ਹੈ ਅਤੇ ਦਾਸ ਨੂੰ ਸਰਬੱਤ ਖਾਲਸਾ ਵਿਧੀ ਰਾਹੀਂ ਸੇਵਾ ਬਖਸ਼ਿਸ਼ ਹੋਈ ਹੈ। ਗੁਰੂ ਪੰਥ ਨੇ ਸਾਡੇ ’ਤੇ ਜ਼ਿੰਮੇਵਾਰੀਆਂ ਪਾ ਕੇ, ਕੁਝ ਆਸਾਂ ਵੀ ਰੱਖੀਆਂ ਹੋਈਆਂ ਹਨ ਪਰ ਦਿਨੋ-ਦਿਨ ਪੰਥ ਦੀ ਨਿਘਰਦੀ ਹਾਲਤ ਵੇਖ ਕੇ ਕੌਮ ਪੀੜਾ ਮਹਿਸੂਸ ਕਰ ਰਹੀ ਹੈ। ਇਸ ਲਈ ਪੰਥ ਦੇ ਵਡੇਰੇ ਹਿੱਤਾਂ ਅਤੇ ਕੌਮੀ ਮਸਲਿਆਂ ਦੇ ਮੱਦੇਨਜ਼ਰ ਜੋ ਕੁਝ ਸਿੱਖ ਸੰਗਤਾਂ 'ਚੋਂ ਆਵਾਜ਼ ਉੱਠ ਰਹੀ ਹੈ, ਉਸ ਦਰਦ ਨੂੰ ਸਾਂਝਾ ਕਰ ਰਿਹਾ ਹਾਂ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਿਦੇਸ਼ ਰਵਾਨਾ, ‘ਢਾਂਚੇ’ ਦਾ ਐਲਾਨ ਵਾਪਸੀ ’ਤੇ!
ਉਸ ਵਿਚੋਂ ਇਹ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੌਮ ਵਿਚਲੀ ਫੁੱਟ ਕਰਕੇ ਸਿੱਖ ਪੰਥ ਅੱਜ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਭਾਈ ਮੰਡ ਨੇ ਕਿਹਾ ਕਿ ਇਹ ਗੱਲ ਆਪਾਂ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਇਸ ਕਰਕੇ ਹੀ ਆਪਾਂ ਦੋਹਾਂ ਨੇ 6 ਜੂਨ ਨੂੰ ਮਨਾਏ ਗਏ ਘੱਲੂਘਾਰਾ ਹਫਤੇ ਦੀ ਸਮਾਪਤੀ ਸਮੇਂ ਹੋਏ ਸਮਾਗਮਾਂ ਤੋਂ ਬਾਅਦ ਸਿੱਖ ਕੌਮ ਨੂੰ ਏਕਤਾ ਵਾਸਤੇ ਭਾਵਪੂਰਤ ਅਪੀਲਾਂ ਕੀਤੀਆਂ ਸਨ, ਜਿਨ੍ਹਾਂ ਨੂੰ ਲੈ ਕੇ ਸਿੱਖ ਬੁੱਧੀਜੀਵੀ ਵਰਗ ਅਤੇ ਕਈ ਸਿੱਖ ਚਿੰਤਕਾਂ ਅਤੇ ਲੇਖਕਾਂ ਨੇ ਇਕ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਜਥੇਦਾਰ ਪਹਿਲਾਂ ਖੁਦ ਹੀ ਏਕਤਾ ਕਰਨ ਤਾਂ ਹੀ ਕੌਮ 'ਚ ਕੋਈ ਏਕਤਾ ਦਾ ਮੁੱਢ ਬੱਝ ਸਕਦਾ ਹੈ। ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ, ਭਾਈ ਸਤਨਾਮ ਸਿੰਘ ਵੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।