ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ ''ਤੇ ਬੋਲੇ ਭਾਈ ਗਰੇਵਾਲ

Tuesday, Jun 25, 2024 - 06:30 PM (IST)

ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ ''ਤੇ ਬੋਲੇ ਭਾਈ ਗਰੇਵਾਲ

ਅੰਮ੍ਰਿਤਸਰ (ਸਰਬਜੀਤ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਪਿਛਲੇ ਦਿਨੀਂ ਯੋਗਾ ਕਰ ਕੇ ਆਪਣੀਆਂ ਫੋਟੋਆਂ ਵਾਇਰਲ ਕਰਵਾਉਣ ਵਾਲੀ ਕੁੜੀ ਵੱਲੋਂ ਜਿੱਥੇ ਪਿਛਲੇ ਦਿਨੀਂ ਮੁਆਫੀ ਮੰਗ ਲਈ ਗਈ ਸੀ, ਉੱਥੇ ਹੀ ਉਸ ਵੱਲੋਂ ਭਾਜਪਾ ਆਗੂਆਂ ਨਾਲ ਵਾਇਰਲ ਕੀਤੀਆਂ ਗਈਆਂ ਫੋਟੋਆਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਬੀਤੇ ਦਿਨੀਂ ਉਕਤ ਕੁੜੀ ਅਰਚਨਾ ਮਕਵਾਨਾ ਵੱਲੋਂ ਸੋਸ਼ਲ ਮੀਡੀਆ ’ਤੇ ਹੀ ਪੋਸਟ ਅਪਲੋਡ ਕਰ ਕੇ ਆਪਣੀ ਇਸ ਗਲਤੀ ਦੀ ਮੁਆਫ਼ੀ ਮੰਗੀ ਸੀ। ਉਸ ਨੇ ਕਿਹਾ ਸੀ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ, ਫਿਰ ਵੀ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੀ ਹੈ। ਪਰ ਇਸ ਮਾਮਲੇ ਵਿਚ ਨਵਾਂ ਮੋੜ ਉਦੋਂ ਆਇਆ ਜਦ ਉਕਤ ਕੁੜੀ ਵੱਲੋਂ ਇਕ ਬਿਆਨ ਦਿੱਤਾ ਗਿਆ ਕਿ ਉਸਨੂੰ ਜਾਨੋਂ ਮਾਰਨ ਅਤੇ ਜਬਰ-ਜ਼ਨਾਹ ਦੀਆਂ ਗਲਤ ਧਮਕੀਆਂ ਮਿਲ ਰਹੀਆਂ ਹਨ, ਜਿਸ ਵਿਚ ਉਸ ਦੀ ਇੱਜ਼ਤ ਖ਼ਰਾਬ ਕਰਨ ਬਾਰੇ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਇਸ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਧਰਮ ਵੱਲੋਂ ਹਮੇਸ਼ਾ ਹੀ ਔਰਤ ਜਾਤੀ ਦਾ ਸਨਮਾਨ ਕਰਦੇ ਹੋਏ ਸਮੇਂ-ਸਮੇਂ ਤੇ ਉਨ੍ਹਾਂ ਦੀਆਂ ਇੱਜਤਾਂ ਬਚਾਈਆਂ ਗਈਆਂ ਹਨ। ਸਿੱਖ ਧਰਮ ਵੱਲੋਂ ਕਿਸੇ ਦੀ ਵੀ ਬਹੂ ਬੇਟੀ ਦੀ ਇੱਜਤ ਨੂੰ ਬਚਾਉਂਦੇ ਹੋਏ ਉਸਨੂੰ ਘਰ ਤੱਕ ਛੱਡ ਕੇ ਆਉਣ ਵਿੱਚ ਵੀ ਸਿੱਖਾਂ ਦਾ ਨਾਮ ਇਤਿਹਾਸ ਵਿੱਚ ਹੈ । ਉਹਨਾਂ ਕਿਹਾ ਹੈ ਕਿ ਜੇਕਰ ਇਸ ਕੁੜੀ ਨੂੰ ਸੱਚਮੁੱਚ ਕਿਸੇ ਵੱਲੋਂ ਧਮਕੀ ਮਿਲੀ ਹੈ ਤਾਂ ਇਹ ਉਸ ਦਾ ਖੁੱਲ ਕੇ ਵਿਰੋਧ ਕਰਦੇ ਹੋਏ ਆਪਣੀ ਸ਼ਿਕਾਇਤ ਪੁਲਸ ਥਾਣਿਆਂ ਵਿੱਚ ਦੇ ਸਕਦੀ ਹੈ ਨਾ ਕਿ ਇਸ ਦੇ ਉਲਟ ਸਿੱਖਾਂ ਨੂੰ ਨਜਾਇਜ਼ ਬਦਨਾਮੀ ਨਾ ਦਿੱਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ ਇੱਕ ਤਾਂ ਇਸ ਕੁੜੀ ਵੱਲੋਂ ਹਵਾਈ ਜਹਾਜ਼ ਦੇ ਰਸਤੇ ਗੁਰੂ ਨਗਰੀ ਪਹੁੰਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਮਿੰਟਾਂ ਲਈ ਆ ਕੇ ਪਰਿਕਰਮਾ ਵਿੱਚ ਯੋਗਾ ਕਰਦੇ ਹੋਏ ਫੋਟੋਆਂ ਵਾਇਰਲ ਕਰਵਾ ਵਾਪਸ ਚਲੇ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਭਾਵਨਾ ਨਾਲ ਮੱਥਾ ਟੇਕਣ ਨਹੀਂ ਆਈ ਸਗੋਂ ਸਿੱਖ ਭਾਵਨਾਵਾਂ ਨੂੰ ਬਦਨਾਮ ਕਰਨ ਲਈ ਇੱਥੇ ਪਹੁੰਚੀ ਸੀ ਜਿਸ ਵਿੱਚ ਭਾਵੇਂ ਉਹ ਕਾਮਯਾਬ ਹੋ ਗਈ ਹੈ ਪਰ ਇਸ ਗਲਤੀ ਦੀ ਉਸ ਵੱਲੋਂ ਮੁਆਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਨਜਾਇਜ਼ ਤੌਰ ਤੇ ਬਦਨਾਮੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਭਾਈ ਗਰੇਵਾਲ ਨੇ ਕਿਹਾ ਕਿ ਹੁਣ ਇਸ ਵੱਲੋਂ ਦਿੱਤਾ ਜਾ ਰਿਹਾ ਬਿਆਨ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਇਸ ਨੂੰ ਗੁਜਰਾਤ ਸਰਕਾਰ ਵੱਲੋਂ ਸਿਕਿਉਰਟੀ ਦੇਣਾ ਅਤੇ ਭਾਜਪਾ ਆਗੂਆਂ ਨਾਲ ਇਸ ਦੀਆਂ ਫੋਟੋਆਂ ਵਾਇਰਲ ਹੋਣਾ ਸਿੱਖ ਧਰਮ ਵਿੱਚ ਦਖਲ ਅੰਦਾਜੀ ਦੇਣ ਦਾ ਸਿੱਧਾ ਇਸ਼ਾਰਾ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਮਿਲੀ ਸਿਕਿਉਰਿਟੀ ਅਤੇ ਭਾਜਪਾ ਸੰਸਦ ਕੰਗਣਾ ਰਨੌਤ ਤੇ ਹੋਰ ਭਾਜਪਾਈਆਂ ਵੱਲੋਂ ਇਸ ਦਾ ਖੁੱਲ ਕੇ ਸਾਥ ਦਿੰਦੇ ਹੋਏ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਮਿਲੀ ਜੁਲੀ ਸਾਜਿਸ਼ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News