ਭਾਈ ਲੌਂਗੋਵਾਲ ਵੱਲੋਂ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਘਰੋਂ ਅਰਦਾਸ ਕਰਨ ਦੀ ਅਪੀਲ
Monday, May 25, 2020 - 05:40 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਘਰਾਂ 'ਚ ਹੀ ਰਹਿ ਕੇ ਗੁਰਬਾਣੀ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕੱਲ 26 ਮਈ ਨੂੰ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਅਜੇ ਤੱਕ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਢਿੱਲ ਨਹੀਂ ਦਿੱਤੀ ਗਈ, ਜਿਸ ਦੇ ਚੱਲਦਿਆਂ ਸੰਗਤਾਂ ਆਪੋ-ਆਪਣੇ ਪਰਿਵਾਰਾਂ 'ਚ ਹੀ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ। ਗੁਰਪੁਰਬ ਨੂੰ ਸਮਰਪਿਤ ਗੁਰਬਾਣੀ ਪਾਠ ਕੀਤਾ ਜਾਵੇ ਅਤੇ ਪੰਜਵੇਂ ਪਾਤਸ਼ਾਹ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਅਜੇ ਤੀਕ ਪੂਰੇ ਵਿਸ਼ਵ 'ਚ ਕੋਰੋਨਾ ਮਹਾਮਾਰੀ ਦੀ ਆਫਤ ਬਰਕਰਾਰ ਹੈ।
ਇਹ ਵੀ ਪੜ੍ਹੋ ► ਭਾਈ ਲੌਂਗੋਵਾਲ ਵਲੋਂ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮਈ ਦੇ ਅਗਲੇ ਦਿਨਾਂ ਅਤੇ ਜੂਨ 'ਚ ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜਿਆਂ ਨੂੰ ਪਰਿਵਾਰਾਂ 'ਚ ਮਨਾਉਣ ਤੱਕ ਹੀ ਸੀਮਤ ਰੱਖਿਆ ਜਾਵੇ। ਇਹ ਸਾਵਧਾਨੀਆਂ ਸਾਰਿਆਂ ਲਈ ਬੇਹੱਦ ਜ਼ਰੂਰੀ ਹਨ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੰਕੇਤਕ ਰੂਪ 'ਚ ਹੀ ਮਨਾਇਆ ਜਾਵੇਗਾ। ਇਸ ਮੌਕੇ ਭਲਕੇ 26 ਮਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਬਹੁਤਾ ਸੰਗਤਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਪੰਚਮ ਪਾਤਸ਼ਾਹ ਜੀ ਨਾਲ ਸਬੰਧਤ ਹੋਰਨਾਂ ਗੁਰਦੁਆਰਿਆਂ 'ਚ ਵੀ ਸ਼ਹੀਦੀ ਦਿਹਾੜਾ ਸੰਕੇਤਕ ਰੂਪ 'ਚ ਹੀ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ ► ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’ ► ਆਉਂਦੇ ਦਿਨਾਂ 'ਚ ਅਸਮਾਨੋਂ ਵਰ੍ਹੇਗੀ ਅੱਗ, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ