ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲੀ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਹੋਵੇਗਾ ਸਮਾਗਮ

Monday, Nov 09, 2026 - 04:34 PM (IST)

ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲੀ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਹੋਵੇਗਾ ਸਮਾਗਮ

ਮਾਨਸਾ: ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲ ਗਈ ਹੈ। ਸਮਾਗਮ ਵਿਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਆ ਸੰਗਤ ਦੀ ਸ਼ਮੂਲੀਅਤ ਅਤੇ ਭਾਰੀ ਇਕੱਠ ਦੀ ਸੰਭਾਵਨਾ ਦੇ ਮੱਦੇਨਜ਼ਰ ਹੁਣ ਇਹ ਸਮਾਗਮ 15 ਨਵੰਬਰ, ਦਿਨ ਐਤਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਨਵੇਂ ਦੀਵਾਨ ਹਾਲ ਦੇ ਪੰਡਾਲ ਵਿਖੇ ਹੋਵੇਗਾ। 

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਇਸ ਅੰਤਿਮ ਅਰਦਾਸ ਸਮਾਗਮ ਲਈ ਗੁਰਦੁਆਰਾ ਸੂਲੀਸਰ ਸਾਹਿਬ (ਕੋਟ ਧਰਮੂ) ਦਾ ਸਥਾਨ ਤੈਅ ਕੀਤਾ ਗਿਆ ਸੀ। ਪਰ ਸਮਾਗਮ ਦੀ ਜਾਣਕਾਰੀ ਮਿਲਦਿਆਂ ਹੀ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਦੇ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ। ਸੰਗਤਾਂ ਦੀਆਂ ਭਾਵਨਾਵਾਂ, ਐਂਟੀ ਡਰੱਗ ਟੀਮ ਦੇ ਨੌਜਵਾਨਾਂ, ਕਮੇਟੀ ਅਤੇ ਸਮੁੱਚੇ ਪਰਿਵਾਰ ਦੀ ਆਪਸੀ ਸਹਿਮਤੀ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਵੱਡੀ ਹੋਵੇਗੀ। ਇਸ ਲਈ ਸੰਗਤ ਲਈ ਖੁੱਲ੍ਹੇ ਪੰਡਾਲ, ਬੈਠਣ ਦੀ ਯੋਗ ਵਿਵਸਥਾ ਅਤੇ ਟਰੈਫਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮੁੱਚੇ ਪਰਿਵਾਰ, ਐਂਟੀ ਡਰੱਗ ਟੀਮ ਅਤੇ ਸੰਗਤਾਂ ਵੱਲੋਂ ਆਪਸੀ ਰਾਏ ਨਾਲ ਅੰਤਿਮ ਅਰਦਾਸ ਦਾ ਸਥਾਨ ਬਦਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਨੌਜਵਾਨੀ ਨੂੰ ਨਸ਼ੇ ਤਿਆਗਣ ਅਤੇ ਦਸਤਾਰਾਂ ਬੰਨ੍ਹ ਕੇ ਪਹੁੰਚਣ ਦੀ ਅਪੀਲ

ਪਰਿਵਾਰ ਅਤੇ ਐਂਟੀ ਡਰੱਗ ਟੀਮ ਵੱਲੋਂ ਨੌਜਵਾਨ ਵਰਗ ਅਤੇ ਸਮੁੱਚੀ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਅੰਤਿਮ ਅਰਦਾਸ ਵਾਲੇ ਦਿਨ ਸਮੂਹ ਨੌਜਵਾਨਾਂ ਨੂੰ ਸਿਰਾਂ 'ਤੇ ਦਸਤਾਰਾਂ ਸਜਾ ਕੇ ਆਉਣ ਅਤੇ ਨਸ਼ੇ ਵਰਗੀ ਲਾਹਨਤ ਨੂੰ ਹਮੇਸ਼ਾ ਲਈ ਤਿਆਗਣ ਦਾ ਪ੍ਰਣ ਲੈਣ। ਪਰਿਵਾਰ ਦਾ ਕਹਿਣਾ ਹੈ ਕਿ ਨਸ਼ਿਆਂ ਤੋਂ ਮੁਕਤੀ ਦਾ ਇਹ ਪ੍ਰਣ ਹੀ ਕੌਮੀ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸੱਚੀ ਅਤੇ ਅਸਲ ਸ਼ਰਧਾਂਜਲੀ ਹੋਵੇਗੀ।


author

Anmol Tagra

Content Editor

Related News