ਸਿੱਖ ਕੌਮ ਗੁਰੂ ਘਰਾਂ 'ਚ ਕਿਸੇ ਤਰ੍ਹਾਂ ਦਾ ਦਖਲ ਬਰਦਾਸ਼ਤ ਨਹੀਂ ਕਰੇਗੀ: ਭਾਈ ਲੌਂਗੋਵਾਲ

01/31/2019 6:31:23 PM

ਅੰਮ੍ਰਿਤਸਰ (ਸੁਮਿਤ) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਸ਼ਾਸਤਰੀ ਦੇ ਮੀਡੀਆ 'ਚ ਦਿੱਤੇ ਇਕ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ, ਜਿਸ 'ਚ ਸ਼ਾਸਤਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ 'ਤੇ ਇਤਰਾਜ਼ ਜਿਤਾਉਂਦੇ ਹੋਏ ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖਾਂ ਵੱਲੋਂ ਚੁਣੀ ਹੋਈ ਨੁਮਾਇੰਦਾ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਰਾਸ਼ਟਰੀ ਸਿੱਖ ਸੰਗਤ ਕਹਾਉਣ ਵਾਲੀ ਆਰ. ਐੱਸ. ਐੱਸ. ਦੀ ਸ਼ਾਖਾ ਹੈ, ਜੋ ਹਮੇਸ਼ਾ ਸਿੱਖਾਂ 'ਚ ਦੁਵਿਧਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। 
ਭਾਈ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਸਰਕਾਰ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ ਦੇ ਐਕਟ 1956 ਦੀ ਧਾਰਾ 11 'ਚ ਮਨਮਰਜ਼ੀ ਨਾਲ ਸੋਧ ਕਰਕੇ ਆਪਣੇ ਪੱਧਰ 'ਤੇ ਪ੍ਰਧਾਨ ਨਿਯੁਕਤ ਕਰਨਾ ਚਾਹੁੰਦੀ ਹੈ, ਜੋ ਕਿ ਸਹੀ ਨਹੀਂ ਹੈ ਅਤੇ ਸੰਗਤ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਵੀ ਕਰਦੀ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਰ. ਐੱਸ. ਐੱਸ. ਨੂੰ ਇਹ ਹਰਗਿਜ਼ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਇਕ ਵੱਖਰੀ ਕੌਮ ਹੈ, ਇਸ ਦਾ ਇਤਿਹਾਸ ਨਿਰਾਲਾ ਅਤੇ ਵਿਲੱਖਣ ਹੈ, ਇਸ ਦੀ ਮਰਿਆਦਾ ਅਤੇ ਰੀਤੀ-ਰਿਵਾਜ ਮੌਲਿਕ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦੀ ਦਿਵਾਉਣ 'ਚ ਸਿੱਖ ਕੌਮ ਦਾ ਭਾਰੀ ਯੋਗਦਾਨ ਹੈ, ਜਿਨ੍ਹਾਂ ਨੇ ਬਾਹਰੋਂ ਹਮਲਾ ਕਰਨ ਆਏ ਧਾੜਵੀਆਂ ਦਾ ਹਿੱਕਾ ਢਾਹ ਕੇ ਮੁਕਾਬਲਾ ਕੀਤਾ, ਜਿਸ ਕਰਕੇ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਿਹੇ ਹਾਂ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ ਪਰ ਆਪਣੇ ਧਰਮ 'ਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਰ. ਐੱਸ. ਐੱਸ. ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਸਿੱਖਾਂ ਲਈ ਭਰਾ-ਮਾਰੂ ਜੰਗ ਦਾ ਕੰਮ ਕਰ ਰਹੀਆਂ ਹਨ, ਇਸ ਲਈ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ।


shivani attri

Content Editor

Related News