ਤੁਸੀਂ ਅਕਾਲੀ-ਕਾਂਗਰਸ ਨੂੰ 70 ਸਾਲ ਮੌਕਾ ਦਿੱਤਾ, ਸਾਨੂੰ ਸਿਰਫ਼ ਇਕ ਸਾਲ ਹੋਰ ਦਿਓ: ਭਗਵੰਤ ਮਾਨ

Thursday, May 04, 2023 - 02:52 PM (IST)

ਤੁਸੀਂ ਅਕਾਲੀ-ਕਾਂਗਰਸ ਨੂੰ 70 ਸਾਲ ਮੌਕਾ ਦਿੱਤਾ, ਸਾਨੂੰ ਸਿਰਫ਼ ਇਕ ਸਾਲ ਹੋਰ ਦਿਓ: ਭਗਵੰਤ ਮਾਨ

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਇਤਿਹਾਸਕ ਫ਼ੈਸਲੇ ਲਏ ਹਨ, ਜਿਸ ਵਿਚ ਸਾਰੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣਾ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਉਠਾਉਣਾ ਸ਼ਾਮਲ ਹੈ। ਜਲੰਧਰ ਲੋਕ ਸਭਾ ਉਪ ਚੋਣ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਪੱਖ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਹਲਕਾ ਕਰਤਾਰਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਤੋਂ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਰੋਡ ਸ਼ੋਅ ਦੀ ਸ਼ੁਰੂਆਤ ਕਰਤਾਰਪੁਰ ਦੇ ਜੰਡੂਸਿੰਘਾ ਤੋਂ ਕੀਤੀ। ਇਥੋਂ ਉਨ੍ਹਾਂ ਨੇ ਮਦਾਰਾ ਹੁੰਦੇ ਹੋਏ ਧੋਗੜੀ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਤੁਸੀਂ ਅਕਾਲੀ ਦਲ ਅਤੇ ਕਾਂਗਰਸ ਨੂੰ 70 ਸਾਲ ਮੌਕਾ ਦਿੱਤਾ ਪਰ ਉਨ੍ਹਾਂ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ। ਸਾਨੂੰ ਕੰਮ ਕਰਨ ਲਈ ਸਿਰਫ਼ ਇਕ ਸਾਲ ਹੋਰ ਦਿਓ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਾ ਆਵੇ ਤਾਂ 2024 ਵਿਚ ਸਾਨੂੰ ਵੋਟ ਨਾ ਦੇਣਾ। ਰੋਜ਼ਗਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੌਜਵਾਨਾਂ ਨੂੰ 5 ਸਾਲ ਵਿਚ ਸਿਰਫ਼ ਇਕ ਵਾਰ ਸਰਕਾਰੀ ਨੌਕਰੀ ਦਾ ਮੌਕਾ ਦਿੰਦੀਆਂ ਸਨ। ਅਕਸਰ ਚੋਣਾਂ ਤੋਂ 6 ਮਹੀਨੇ ਪਹਿਲਾਂ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਕੱਢੀਆਂ ਜਾਂਦੀਆਂ ਸਨ। ਅਸੀਂ ਸਿਰਫ ਇਕ ਸਾਲ ਵਿਚ ਹੀ 3 ਵਾਰ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਕੱਢੀਆਂ ਅਤੇ ਪੰਜਾਬ ਦੇ ਲਗਭਗ 29000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿਚ ਵੀ ਲੱਖਾਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ

ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਆਮ ਜਨਤਾ ਦੀ ਸਹੂਲਤ ਅਤੇ ਪੈਸਿਆਂ ਦੀ ਬੱਚਤ ਲਈ ਵੀ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਾਂ। ਇਕ ਸਾਲ ਅੰਦਰ ਅਸੀਂ 9 ਟੋਲ ਪਲਾਜ਼ੇ ਬੰਦ ਕੀਤੇ। ਇਸ ਨਾਲ ਆਮ ਜਨਤਾ ਦੇ ਪੈਸੇ ਬਚਣਗੇ। ਹੁਣ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਆਪਣੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿਚ ਕਰਨਗੇ। ਆਮ ਜਨਤਾ ਦੀ ਸਹੂਲਤ ਅਤੇ ਬਿਜਲੀ ਦੀ ਬੱਚਤ ਲਈ ਸਾਡੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਸਵੇਰੇ 7.30 ਤੋਂ 2.00 ਤੱਕ ਕਰ ਦਿੱਤਾ ਹੈ। ਇਸ ਫੈਸਲੇ ਨਾਲ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਹਰ ਮਹੀਨੇ 16 ਕਰੋੜ ਰੁਪਏ ਤੋਂ ਜ਼ਿਆਦਾ ਬਿਜਲੀ ਬਿੱਲ ਬਚੇਗਾ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਵੀ ਮੌਕਾ ਮਿਲੇਗਾ।

ਪੰਜਾਬ ਦੀ ਆਰਥਿਕ ਸਥਿਤੀ ’ਤੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਲਗਾਤਾਰ ਕਹਿੰਦੇ ਰਹਿੰਦੇ ਸਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਅਸੀਂ 13 ਮਹੀਨਿਆਂ ਅੰਦਰ ਇਕ ਵਾਰ ਵੀ ‘ਖਜ਼ਾਨਾ ਖਾਲੀ ਹੈ’ ਸ਼ਬਦ ਨਹੀਂ ਬੋਲਿਆ ਅਤੇ ਲੋਕਾਂ ਨੂੰ ਮੁਫ਼ਤ ਚੰਗੀ ਸਿੱਖਿਆ, ਇਲਾਜ ਅਤੇ ਹੋਰ ਸਹੂਲਤਾਂ ਵੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨਾ ਪਿਛਲੀਆਂ ਸਰਕਾਰਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਕਾਰਨ ਖਾਲੀ ਹੋਇਆ ਸੀ। ਸਾਡੀ ਸਰਕਾਰ ਸਾਫ ਨੀਅਤ ਅਤੇ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ, ਇਸ ਲਈ ਸਾਡੀ ਸਰਕਾਰ ਵਿਚ ਅਜੇ ਤੱਕ ਖਜ਼ਾਨਾ ਖਾਲੀ ਹੋਣ ਦੀ ਨੌਬਤ ਹੀ ਨਹੀਂ ਆਈ। ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਚੋਣ ਨਾਲ ਭਾਜਪਾ ਅਤੇ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਜਿੱਤਣ ਨਾਲ ਸਾਡਾ ਹੌਸਲਾ ਵਧੇਗਾ, ਜਿਸ ਤੋਂ ਬਾਅਦ ਅਸੀਂ ਹੋਰ ਮਿਹਨਤ ਅਤੇ ਲਗਨ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗੇ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 


author

shivani attri

Content Editor

Related News