ਸੁਖਬੀਰ ਬਾਦਲ ਤਾਂ ਦੁਪਹਿਰ ਨੂੰ 12 ਵਜੇ ਉੱਠਦੇ ਹਨ, ਉਨ੍ਹਾਂ ਨੂੰ ਜਨਤਾ ਦੀਆਂ ਮੁਸ਼ਕਲਾਂ ਦਾ ਕੀ ਪਤਾ: ਭਗਵੰਤ ਮਾਨ
Friday, Apr 21, 2023 - 10:37 AM (IST)
ਜਲੰਧਰ (ਧਵਨ, ਸੋਮਨਾਥ)–ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਿਆਸੀ ਚੋਟ ਕਰਦੇ ਹੋਏ ਕਿਹਾ ਕਿ ਉਹ ਤਾਂ ਦੁਪਹਿਰ 12 ਜਾਂ ਸਾਢੇ 12 ਵਜੇ ਉੱਠਦੇ ਹਨ। ਉਨ੍ਹਾਂ ਨੂੰ ਆਮ ਜਨਤਾ ਦੀਆਂ ਸਮੱਸਿਆਵਾਂ ਬਾਰੇ ਕੀ ਜਾਣਕਾਰੀ ਹੈ। ਮੁੱਖ ਮੰਤਰੀ ਵੀਰਵਾਰ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਨਤਾ ਆਪਣੀ ਵੋਟ ਨੂੰ ਖ਼ਰਾਬ ਨਾ ਕਰੇ ਕਿਉਂਕਿ ਜਲੰਧਰ ਸੀਟ ਨੇ ਇਤਿਹਾਸ ਰਚਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ’ਤੇ ਸੁਖਬੀਰ ਬਾਦਲ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ ਪਰ ਸੁਖਬੀਰ ਨੂੰ ਇਹ ਨਹੀਂ ਪਤਾ ਕਿ ਸਮਾਂ ਬਦਲਣ ਨਾਲ ਜਿੱਥੇ ਜਨਤਾ ਨੂੰ ਗਰਮੀ ਦੇ ਦਿਨਾਂ ਵਿਚ ਰਾਹਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਬਿਜਲੀ ਦੀ ਬਚਤ ਵੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸਫ਼ਾਈ ਵਿਵਸਥਾ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਜਲੰਧਰ ਵਿਚ ਕੂੜੇ ਦੇ ਢੇਰਾਂ ਨੂੰ ਜਲਦ ਹੀ ਖ਼ਤਮ ਕਰ ਦੇਵੇਗੀ ਅਤੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ,‘‘ਮੈਨੂੰ ਜਲੰਧਰ ਦੀਆਂ ਸਾਰੀਆਂ ਸਮੱਸਿਆਵਾਂ ਦੀ ਜਾਣਕਾਰੀ ਹੈ। ਮੈਨੂੰ ਇਹ ਵੀ ਪਤਾ ਹੈ ਕਿ ਆਦਮਪੁਰ ਵਿਚ ਪੁਲ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ। ਮੈਨੂੰ ਇਹ ਵੀ ਪਤਾ ਹੈ ਕਿ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ।’’
ਇਹ ਵੀ ਪੜ੍ਹੋ : ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ
ਉਨ੍ਹਾਂ ਕਿਹਾ ਕਿ ਆਦਮਪੁਰ ਵਿਚ ਪੁਲ ਦੀ ਉਸਾਰੀ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਕੰਮ ਵਿਚ ਦੇਰੀ ਹੋ ਰਹੀ ਹੈ। ਜੇ ਇਹ ਕੰਮ ਪੰਜਾਬ ਸਰਕਾਰ ਕੋਲ ਹੁੰਦਾ ਤਾਂ ਹੁਣ ਤਕ ਪੂਰਾ ਵੀ ਕਰ ਦਿੱਤਾ ਜਾਂਦਾ। ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜੂਨ-ਜੁਲਾਈ ਵਿਚ ਸ਼ੁਰੂ ਹੋ ਜਾਣਗੀਆਂ ਅਤੇ ਹਲਵਾਰਾ ਹਵਾਈ ਅੱਡੇ ਤੋਂ ਜੂਨ ਵਿਚ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਪੰਜਾਬ ਸਰਕਾਰ ਸੂਬੇ ਦੇ ਅਨੇਕਾਂ ਹਿੱਸਿਆਂ ਵਿਚ ਹਵਾਈ ਅੱਡਿਆਂ ਨੂੰ ਜਲਦ ਚਾਲੂ ਕਰ ਦੇਵੇਗੀ। ਉਨ੍ਹਾਂ ਕਿਹਾ,‘‘ਮੈਨੂੰ ਇੰਡਸਟਰੀ ਦੀਆਂ ਸਮੱਸਿਆਵਾਂ ਬਾਰੇ ਵੀ ਪੂਰੀ ਜਾਣਕਾਰੀ ਹੈ। ਪਿਛਲੇ ਦਿਨੀਂ ਸਪੋਰਟਸ ਇੰਡਸਟਰੀ ਦੇ ਉਦਯੋਗਪਤੀ ਮੈਨੂੰ ਮਿਲੇ ਸਨ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਲੰਧਰ ਦੀ ਹੋਰ ਇੰਡਸਟਰੀਆਂ ਦੇ ਹਾਲਾਤ ਵੀ ਸੁਧਾਰ ਦਿੱਤੇ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।