ਭਗਵੰਤ ਮਾਨ ਨੇ ਝੂਠੇ ਅੰਕੜੇ ਪੇਸ਼ ਕਰ ਕੇ ਮੇਰੇ ਅਕਸ ਨੂੰ ਧੁੰਦਲਾ ਕਰਨ ਦੀ ਕੀਤੀ ਕੋਸ਼ਿਸ਼ : CM ਚੰਨੀ
Monday, Feb 14, 2022 - 02:12 AM (IST)
ਜਲੰਧਰ (ਧਵਨ)–ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਮੇਰੀ ਜਾਇਦਾਦ ਨੂੰ ਲੈ ਕੇ ਲੋਕਾਂ ਕੋਲ ਝੂਠੇ ਅੰਕੜੇ ਪੇਸ਼ ਕਰ ਕੇ ਮੇਰੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਤਵਾਰ ਵੱਖ-ਵੱਖ ਚੋਣ ਜਲਸਿਆਂ ਵਿਚ ਬੋਲਦਿਆਂ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸਿਰਫ ਝੂਠੇ ਪ੍ਰਚਾਰ ’ਤੇ ਨਿਰਭਰ ਹਨ। ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੇਰੇ ’ਤੇ ਦੋਸ਼ ਲਾਇਆ ਕਿ ਮੈਂ ਗੈਰ-ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਕਰਦਾ ਹਾਂ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਸੰਬੰਧੀ ਸ਼ਿਕਾਇਤ ਸੌਂਪੀ ਸੀ, ਜਿਸ ਪਿੱਛੋਂ ਰਾਜਪਾਲ ਨੇ ਇਸ ਦੀ ਜਾਂਚ ਦੇ ਹੁਕਮ ਰੋਪੜ ਦੇ ਜ਼ਿਲਾ ਪ੍ਰਸ਼ਾਸਨ ਨੂੰ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ONGC ਦੇ ਮੁਨਾਫੇ ’ਚ ਆਇਆ ਕਈ ਗੁਣਾ ਉਛਾਲ
ਚੰਨੀ ਨੇ ਕਿਹਾ ਕਿ ਰੋਪੜ ਜ਼ਿਲਾ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਰਾਜਪਾਲ ਨੂੰ ਸੌਂਪੀ ਹੈ, ਉਸ ਵਿਚ ਅਧਿਕਾਰੀਆਂ ਨੇ ਜਾਂਚ ਪਿੱਛੋਂ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਚੰਨੀ ਦਾ ਗੈਰ-ਕਾਨੂੰਨੀ ਮਾਈਨਿੰਗ ਵਿਚ ਕੋਈ ਹੱਥ ਨਹੀਂ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੰਤਵ ਲੋਕਾਂ ਨੂੰ ਭੁਲੇਖੇ ਵਿਚ ਪਾਈ ਰੱਖਣਾ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਵੀ ਰਾਘਵ ਚੱਢਾ ਦੀਆਂ ਗੱਲਾਂ ਵਿਚ ਆ ਕੇ ਮੇਰੇ ’ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਤੇ ਕਾਂਗਰਸ ਨੂੰ ਮੌਕੇ ਦਿੱਤੇ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਕੇ ਦੇਖੋ: ਮਨੀਸ਼ ਸਿਸੋਦੀਆ
ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਡਰਪੋਕ ਅਤੇ ਝੂਠੇ ਇਨਸਾਨ ਹਨ। ਕੇਜਰੀਵਾਲ ਨੇ ਮੇਰੇ ’ਤੇ ਕਈ ਦੋਸ਼ ਲਾਏ ਪਰ ਕਿਸੇ ਵਿਚ ਵੀ ਕੋਈ ਸੱਚਾਈ ਨਹੀਂ ਨਿਕਲੀ। ਉਨ੍ਹਾਂ ਰਾਜਪਾਲ ਕੋਲ ਮੇਰੀ ਸ਼ਿਕਾਇਤ ਭੇਜੀ, ਜਿਸ ਦੀ ਜਾਂਚ ਹੋਈ ਅਤੇ ਅਖੀਰ ਸੱਚਾਈ ਸਾਹਮਣੇ ਆ ਗਈ। ਚੰਨੀ ਨੇ ਕਿਹਾ ਕਿ ਅੰਗਰੇਜ਼ ਭਾਰਤ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਸਨ। ਇਸੇ ਤਰ੍ਹਾਂ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਵੀ ਪੰਜਾਬ ਦਾ ਪੈਸਾ ਲੁੱਟ ਕੇ ਹੋਰਨਾਂ ਸੂਬਿਆਂ ਵਿਚ ਲਾਉਣਗੇ ਪਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਉਸ ਦੀ ਸਹੀ ਸਥਿਤੀ ਦਿਖਾ ਦੇਣਗੇ। ਉਨ੍ਹਾਂ ਇਸ ਤੋਂ ਪਹਿਲਾਂ ਮੁਗਲਾਂ ਅਤੇ ਬਰਤਾਨਵੀ ਹੁਕਮਰਾਨਾਂ ਨੂੰ ਵੀ ਉਨ੍ਹਾਂ ਦੀ ਸਥਿਤੀ ਦਿਖਾ ਦਿੱਤੀ ਸੀ।ਉਨ੍ਹਾਂ ਕਿਹਾ ਕਿ ਮੈਂ ਆਪਣੀ ਆਮਦਨ ਕਰ ਰਿਟਰਨ ਵਿਚ ਆਪਣੀ ਜਾਇਦਾਦ ਦੇ ਜੋ ਅੰਕੜੇ ਦਿੱਤੇ ਸਨ, ਭਗਵੰਤ ਮਾਨ ਨੇ ਤਾਂ ਉਸ ਵਿਚ 100 ਕਰੋੜ ਤੋਂ ਵੀ ਵੱਧ ਦਾ ਵਾਧਾ ਕਰ ਦਿੱਤਾ। ਜਿਸ ਵਿਅਕਤੀ ਨੂੰ ਆਮਦਨ ਕਰ ਰਿਟਰਨ ਪੜਨੀ ਨਹੀਂ ਆਉਂਦੀ, ਉਹ ਕਿਸ ਤਰ੍ਹਾਂ ਪੰਜਾਬ ’ਤੇ ਰਾਜ ਕਰੇਗਾ। ਸਟੇਜਾਂ ’ਤੇ ਚੁਟਕਲੇ ਸੁਣਾਉਣੇ ਇਕ ਵੱਖਰਾ ਮਾਮਲਾ ਹੈ ਅਤੇ ਸਰਕਾਰ ਚਲਾਉਣੀ ਇਕ ਵੱਖਰਾ ਮਾਮਲਾ ਹੈ
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।