ਚੋਣਾਂ ਦੇ ਭਖ਼ਦੇ ਮਾਹੌਲ ਦੌਰਾਨ ਭਗਵੰਤ ਮਾਨ ਦਾ ਵੱਡਾ ਬਿਆਨ, CM ਚਿਹਰੇ ’ਤੇ ਫਿਰ ਆਖੀ ਇਹ ਗੱਲ (ਵੀਡੀਓ)
Sunday, Jan 16, 2022 - 06:53 PM (IST)
ਜਲੰਧਰ-ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ ਆਪਣੇ 109 ਉਮੀਦਵਾਰ ਐਲਾਨ ਦਿੱਤੇ ਹਨ ਪਰ ਅਜੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਾ ਬਾਕੀ ਹੈ। ‘ਆਪ’ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕਰ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਦਾ ਦਿੱਤਾ ਸੱਦਾ
ਇਸ ਦੌਰਾਨ ‘ਆਪ’ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮਾਨ ਨੇ ਕਿਹਾ ਕਿ ਉਂਝ ਤਾਂ ਬੰਦ ਕਮਰਿਆਂ ਤੇ ਪ੍ਰਧਾਨਾਂ ਦੀਆਂ ਜੇਬਾਂ ’ਚੋਂ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦੇ ਲਿਫਾਫੇ ਨਿਕਲਦੇ ਹਨ ਪਰ ਆਮ ਆਦਮੀ ਪਾਰਟੀ ਇਸ ਤਰ੍ਹਾਂ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਤੋਂ ਪੁੱਛਿਆ ਨਹੀਂ ਜਾਂਦਾ, ਬਲਕਿ ਉਨ੍ਹਾਂ ’ਤੇ ਮੁੱਖ ਮੰਤਰੀ ਥੋਪਿਆ ਜਾਂਦਾ ਹੈ। ਇਸ ਲਈ ਪਾਰਟੀ ਨੇ ਫ਼ੈਸਲਾ ਕੀਤਾ ਕਿ ਲੋਕਾਂ ਦੀ ਮੁੱਖ ਮੰਤਰੀ ਉਮੀਦਵਾਰ ਕਿਹੜਾ ਹੋਵੇ, ਇਸ ਬਾਰੇ ਰਾਏ ਲੈਣੀ ਬਹੁਤ ਜ਼ਰੂਰੀ ਹੈ। ਇਸ ਨਾਲ ਲੋਕਾਂ ਦੇ ਵੀ ਹੌਸਲੇ ਵਧਣਗੇ, ਨਹੀਂ ਤਾਂ ਜਨਤਾ ਨੂੰ ਵੋਟਾਂ ਵਾਲੇ ਦਿਨ ਤੋਂ ਬਾਅਦ ਕੋਈ ਆਗੂ ਪੁੱਛਦਾ ਨਹੀਂ, ਉਹ ਮਗਰੋਂ ਹੱਥ ਜੋੜਨ ਲਈ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਕਿਸੇ ਵੀ ਫ਼ੈਸਲੇ ’ਚ 100 ਫੀਸਦੀ ਸ਼ਾਮਲ ਹੋਣ।
ਇਹ ਵੀ ਪੜ੍ਹੋ : ਨਾਰਾਜ਼ ਮਹਿੰਦਰ ਕੇ. ਪੀ. ਬੋਲੇ, ‘ਕਾਂਗਰਸ ਨੇ ਕੀਤਾ ਨਜ਼ਰਅੰਦਾਜ਼ ਪਰ ਜ਼ਰੂਰ ਲੜਾਂਗਾ ਚੋਣਾਂ’
ਸੰਸਦ ਮੈਂਬਰ ਮਾਨ ਨੇ ਕਿਹਾ ਕਿ ਜੇ ਲੋਕਾਂ ਵੱਲੋਂ ਮੇਰੇ ’ਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਤਾਂ ਮੈਂ ਦੁੱਗਣੇ ਉਤਸ਼ਾਹ ਨਾਲ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਚੁਣਨ ਲਈ ਸਾਰਾ ਸਰਵੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਕਿਹੜੇ ਹਲਕੇ ਤੋਂ ਚੋਣ ਲੜਨਗੇ, ਸਵਾਲ ਦੇ ਜਵਾਬ ’ਚ ਮਾਨ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਥੋਂ ਕਹਿਣਗੇ, ਮੈਂ ਚੋਣ ਲੜਨ ਲਈ ਤਿਆਰ ਹਾਂ। ਇਸ ਦਾ ਐਲਾਨ ਥੋੜ੍ਹੀ ਦੇਰ ’ਚ ਹੋ ਜਾਵੇਗਾ। ਇਸ ਦੌਰਾਨ ਭਾਜਪਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਕਿਸਾਨਾਂ ਨਾਲ ਬਹੁਤ ਮਾੜਾ ਕੀਤਾ। ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ’ਚ 750 ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਤਾਂ ਸੰਸਦ ’ਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦਾ ਵਾਰੰਟ ਹਨ, ਇਸ ਲਈ ਮੌਤ ਦੇ ਵਾਰੰਟ ’ਚ ਸੋਧ ਨਹੀਂ, ਇਸ ਨੂੰ ਰੱਦ ਹੀ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਨਹੀਂ ਮਿਲੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਟਿਕਟ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਲੜਨਗੇ ਚੋਣ