CM ਮਾਨ ਨੇ ਜਲੰਧਰ ਵੈਸਟ ਹਲਕੇ 'ਚ ਕੀਤੀ ਜਨਤਕ ਮੀਟਿੰਗ, ਭਾਜਪਾ-ਕਾਂਗਰਸ 'ਤੇ ਕੀਤੇ ਤਿੱਖੇ ਹਮਲੇ
Saturday, Jul 06, 2024 - 11:01 AM (IST)
ਜਲੰਧਰ/ਚੰਡੀਗੜ੍ਹ (ਅੰਕੁਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਅਤੇ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਮੋਹਿੰਦਰ ਭਗਤ ਨਾਲ ਮਿਲ ਕੇ ਜਲੰਧਰ ਪੱਛਮੀ ਵਿਧਾਨ ਸਭਾ ਅਧੀਨ ਪੈਂਦੇ ਵਾਰਡ ਨੰਬਰ 74, 34 ਅਤੇ ਵਾਰਡ ਨੰਬਰ 38 ਵਿੱਚ ਜਨਤਕ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ‘ਆਪ’ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਦੋਆਬੇ ਵਿਚ ਦਫ਼ਤਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਉਹ ਦੋਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ। ਇਸ ਜ਼ਿਮਨੀ ਚੋਣ ਵਿਚ ਇਕ ਚੰਗੀ ਗੱਲ ਇਹ ਰਹੀ ਕਿ ਆਖਰਕਾਰ ਉਹ ਉਸ ਯੋਜਨਾ ਨੂੰ ਲਾਗੂ ਕਰਨ ਵਿਚ ਸਫ਼ਲ ਹੋ ਗਏ ਅਤੇ ਇਥੇ ਆਪਣਾ ਦਫ਼ਤਰ ਸਥਾਪਤ ਕਰ ਲਿਆ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਹੁਣ ਸਰਕਾਰ ਖ਼ੁਦ ਤੁਹਾਡੇ ਬੂਹੇ 'ਤੇ ਹੈ। ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ 'ਤੇ ਨਿਸ਼ਾਨਾ ਵਿੰਨ੍ਹਿਦਆਂ ਕਿਹਾ ਕਿ ਜੇਕਰ ਉਹ ਜਲੰਧਰ ਦੀ ਡਿਪਟੀ ਮੇਅਰ ਹੁੰਦਿਆਂ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ ਤਾਂ ਉਹ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ। ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਆਦਿ ਦਾ ਕੰਮ ਨਗਰ ਨਿਗਮ ਅਧੀਨ ਆਉਂਦਾ ਹੈ। ਜਲੰਧਰ ਨਗਰ ਨਿਗਮ ਵਿੱਚ ਇਸ ਵੇਲੇ ਕਾਂਗਰਸ ਦਾ ਮੇਅਰ ਹੈ, ਉਸ ਨੇ ਇਸ ਲਈ ਕੁਝ ਨਹੀਂ ਕੀਤਾ। ਭਗਵੰਤ ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਹੁਸ਼ਿਆਰਪੁਰ ਦੇ 23 ਸਾਲਾ ਨੌਜਵਾਨ ਦੀ ਮੌਤ
ਮਾਨ ਨੇ ਕਿਹਾ ਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ। ਜੇਕਰ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਇਕ ਕਲਾਕਾਰ ਦੇ ਤੌਰ 'ਤੇ ਮੈਂ ਹੁਣ ਤੱਕ ਬਹੁਤ ਕਮਾ ਲਿਆ ਹੁੰਦਾ। 20 ਸਾਲ ਪਹਿਲਾਂ ਮੈਨੂੰ ਇਕ ਸ਼ੋਅ ਲਈ 25 ਲੱਖ ਰੁਪਏ ਮਿਲਦੇ ਸਨ। ਵਿਦੇਸ਼ਾਂ 'ਚ ਇਕ ਸ਼ੋਅ 'ਤੇ 75 ਤੋਂ 80 ਲੱਖ ਰੁਪਏ ਮਿਲਦੇ ਸਨ। ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿੱਚ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਪੈਸਾ ਕਮਾਉਣਾ ਨਹੀਂ ਚਾਹੁੰਦਾ ਪਰ ਜਿਸ ਨੇ ਵੀ ਪੰਜਾਬ ਨੂੰ ਲੁੱਟਿਆ ਹੈ, ਉਸ ਤੋਂ ਵਿਆਜ ਸਮੇਤ ਵਾਪਸ ਲਵਾਂਗਾ ਅਤੇ ਆਮ ਲੋਕਾਂ ਦੇ ਵਿਕਾਸ ਲਈ ਕੰਮ ਕਰਾਂਗਾ। ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਰਹਿੰਦਿਆਂ ਦੋ ਨੰਬਰ ਦੇ ਕੰਮ ਨਹੀਂ ਕਰ ਪਾ ਰਹੇ ਸੀ। ਇਸ ਲਈ ਉਹ ਭਾਜਪਾ ’ਚ ਸ਼ਾਮਲ ਹੋਏ ਹਨ।
ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਓ : ਮੋਹਿੰਦਰ ਭਗਤ
‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਅਤੇ ਗ਼ਰੀਬਾਂ ਦੀ ਸਰਕਾਰ ਹੈ। ਸਰਕਾਰ ਅਮੀਰਾਂ ਤੋਂ ਟੈਕਸ ਵਸੂਲ ਰਹੀ ਹੈ ਅਤੇ ਉਸ ਪੈਸੇ ਦੀ ਵਰਤੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਰ ਰਹੀ ਹੈ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਜਲੰਧਰ ਵਿਚ ਰਹਿਣ ਆਇਆ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿਕਾਸ ਲਈ ਬਹੁਤ ਸੰਵੇਦਨਸ਼ੀਲ ਹਨ। ਇਸ ਲਈ ਇਸ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮਰਚੈਂਟ ਨੇਵੀ 'ਚ ਕੰਮ ਕਰਦੇ ਪੰਜਾਬੀ ਦੀ ਮੌਤ, ਅਮਰੀਕਾ 'ਚ ਸੀ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।