ਖੱਟਰ ਸਰਕਾਰ ਪੰਜਾਬੀ ਮਾਂ ਬੋਲੀ ਦਾ ਨਾ ਕਰੇ ਘਾਣ : ਭਗਵੰਤ ਮਾਨ
Tuesday, Dec 31, 2019 - 08:54 PM (IST)
ਸ਼ੇਰਪੁਰ,(ਸਿੰਗਲਾ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬੀ ਮੁੱਖ ਮੰਤਰੀ ਹੁੰਦੇ ਹੋਏ ਮਾਂ ਬੋਲੀ ਪੰਜਾਬੀ ਨੂੰ ਹਰਿਆਣਾ 'ਚ ਦੂਜੀ ਭਾਸ਼ਾ ਦੀ ਥਾਂ 'ਤੇ ਤੇਲਗੂ ਭਾਸ਼ਾ ਨੂੰ ਕਰਨ ਦੇ ਬਿਆਨ ਜਾਰੀ ਕੀਤੇ। ਜਿਸ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਇਸ ਨੂੰ ਅਤੀ ਨਿੰਦਣਯੋਗ ਫੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਮਾਂ ਬੋਲੀ ਪੰਜਾਬੀ ਦਾ ਘਾਣ ਨਾ ਕਰੇ ਅਤੇ ਪੰਜਾਬੀ ਮੁੱਖ ਮੰਤਰੀ ਦਾ ਇਹ ਫੈਸਲਾ ਅਤੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ 60 ਫੀਸਦੀ ਹਰਿਆਣਾ ਵਿਚ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਹਨ ਕਿਉਂਕਿ ਹਰਿਆਣਾ ਅਤੇ ਹਿਮਾਚਲ ਪੰਜਾਬ ਦਾ ਹੀ ਇਕ ਹਿੱਸਾ ਹਨ। ਮਾਨ ਨੇ ਕਿਹਾ ਕਿ ਕੈਨੇਡਾ ਦੇ ਕਈਆਂ ਹਿੱਸਿਆਂ 'ਚ ਪੰਜਾਬੀ ਮਾਂ ਬੋਲੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ ਪਰ ਕਿੰਨੀ ਹਾਸੋ-ਹੀਣੀ ਗੱਲ ਹੈ ਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ 'ਚ ਬਹੁਗਿਣਤੀ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਖਤਮ ਕਰਨ ਦੀ ਕੋਝੀ ਚਾਲ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਲੋਕ ਸਭਾ ਵਿਚ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਹਰਿਆਣਾ ਅੰਦਰ ਮਾਂ ਬੋਲੀ ਪੰਜਾਬੀ ਨੂੰ ਮਿਲਦਾ ਮਾਣ-ਸਨਮਾਨ ਬਹਾਲ ਕਰਨ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।