‘ਸੰਜੇ ਸਿੰਘ ਕੋਲੋਂ ਸਿਰਪਾਓ ਲੈਣ ਮੌਕੇ ਖਹਿਰਾ ਨੂੰ ਕਿਉਂ ਨਹੀਂ ਯਾਦ ਆਈ ਖੁਦਮੁਖਤਿਆਰੀ'
Tuesday, Nov 27, 2018 - 04:44 PM (IST)
ਜਲੰਧਰ/ ਸੰਗਰੂਰ— ਆਮ ਆਦਮੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਖਹਿਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੰਜੇ ਅਤੇ ਦੁਰਗੇਸ਼ ਕੋਲੋਂ ਖਹਿਰਾ ਨੂੰ ਸਿਰਪਾਓ ਪਵਾਇਆ ਗਿਆ ਸੀ। ਜਿਸ ਆਧਾਰ 'ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ 'ਚ ਐਂਟਰੀ ਹੋਈ। ਉਨ੍ਹਾਂ ਕਿਹਾ ਕਿ ਜਿਸ ਖੁਦਮੁਖਤਿਆਰੀ ਦਾ ਖਹਿਰਾ ਰੌਲਾ ਪਾ ਰਹੇ ਹਨ, ਉਸ ਦੀ ਮੈਨੂੰ ਸਮਝ ਨਹੀਂ ਆਉਂਦਾ ਕਿ ਆਖਿਰ ਉਹ ਖੁਦਮੁਖਤਿਆਰੀ ਕਹਿੰਦੇ ਕਿਸ ਚੀਜ਼ ਨੂੰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭੁੱਲਥ ਹਲਕੇ ਤੋਂ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਟਿਕਟ ਲਈ ਤੇ ਚੋਣ ਲੜੀ। ਭੁਲੱਥ ਹਲਕੇ ਦਾ ਬੂਥ ਇੰਚਾਰਜ ਆਪਣੀ ਮਰਜ਼ੀ ਨਾਲ ਲਗਵਾਇਆ। ਇਥੋਂ ਤਕ ਕਿ ਪਾਰਟੀ ਦੀ ਕੀ ਪਾਲਸੀ ਹੈ, ਇਸ ਦੀ ਪਰਵਾਹ ਕੀਤੇ ਬਿਨਾਂ ਆਪਣੀ ਮਰਜ਼ੀ ਨਾਲ ਧਰਨੇ ਲਗਾਏ, ਰੈਲੀਆਂ ਕੀਤੀਆਂ। ਮਾਨ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ, ਖਹਿਰਾ ਤਾਂ ਇਹ ਵੀ ਖੁਦ ਨਿਰਧਾਰਿਤ ਕਰਦੇ ਸਨ ਕਿ ਦਿੱਲੀ ਤੋਂ ਪੰਜਾਬ ਆਏ ਆਗੂਆਂ ਨੇ ਭਾਸ਼ਣ ਕੀ ਦੇਣਾ ਹੈ। ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਭ ਕੁਝ ਹੋ ਜਾਣ ਦੇ ਬਾਵਜੂਦ ਖਹਿਰਾ ਨੂੰ ਹੋਰ ਪਤਾ ਨਹੀਂ ਕਿਹੜੀ ਖੁਦਮੁਖਤਿਆਰੀ ਚਾਹੀਦੀ ਹੈ।
