ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

Saturday, Jun 18, 2022 - 10:57 AM (IST)

ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

ਜਲੰਧਰ-  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਗੈਂਗਸਟਰ ਕਲਚਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਪੁਰਾਣੀਆਂ ਸਰਕਾਰਾਂ ਵੱਲੋਂ ਪੈਦਾ ਕੀਤਾ ਗਿਆ ਹੈ ਅਤੇ ਇਸ ਨੂੰ ਖ਼ਤਮ ਕਰਨ ਦਾ ਕੰਮ ਉਨ੍ਹਾਂ ਦੀ ਸਰਕਾਰ ਕਰੇਗੀ। ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਸੰਗਰੂਰ ’ਚ ਪਾਰਟੀ ਨੂੰ ਮਿਲ ਰਹੇ ਰਿਸਪਾਂਸ ਦੇ ਨਾਲ-ਨਾਲ ਇਸ ਸੀਟ ’ਤੇ ਉਤਰੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਲੈ ਕੇ ਵੀ ਤੰਜ ਕੱਸੇ। ਪੇਸ਼ ਹੈ ਭਗਵੰਤ ਮਾਨ ਨਾਲ ਪੂਰੀ ਗੱਲਬਾਤ :

ਸਵਾਲ : ਸੰਗਰੂਰ ਉਪ-ਚੋਣ ’ਚ ਮਾਹੌਲ ਕਿਹੋ ਜਿਹਾ ਹੈ?
ਜਵਾਬ :
ਤੁਸੀਂ ਖ਼ੁਦ ਹੀ ਵੇਖ ਲਿਆ ਹੋਵੇਗਾ, ਮੇਰੀ ਉਹੀ ਗੱਡੀ ਹੈ, ਉਸ ਗੱਡੀ ’ਤੇ ਉਹੀ ਫੁੱਲ ਹਨ, ਉਹੀ ਸੰਗਰੂਰ ਦੇ ਲੋਕਾਂ ਦਾ ਪਿਆਰ ਅਤੇ ਉਹੀ ਚੋਣ ਨਿਸ਼ਾਨ ਹੈ। ਸੰਗਰੂਰ ਦੇ ਲੋਕਾਂ ਨੂੰ ਮੈਂ ਜਦੋਂ ਵੀ ਆਵਾਜ਼ ਦਿੱਤੀ ਹੈ, ਉਨ੍ਹਾਂ ਨੇ ਮੈਨੂੰ ਦੁੱਗਣਾ-ਤਿੱਗਣਾ ਪਿਆਰ ਦਿੱਤਾ ਹੈ ਅਤੇ ਇਸ ਵਾਰ ਵੀ ਪਿਆਰ ਦੇਣਗੇ।

ਸਵਾਲ : ਅਗਨੀਪੱਥ ਦੇ ਮੁੱਦੇ ’ਤੇ ਦੇਸ਼ ’ਚ ਵੱਡਾ ਹੰਗਾਮਾ ਹੋ ਰਿਹਾ ਹੈ, ਤੁਸੀਂ ਕੀ ਕਹੋਗੇ?
ਜਵਾਬ :
ਫ਼ੌਜ ਨੂੰ ਕਿਰਾਏ ’ਤੇ ਨਹੀਂ ਰੱਖਿਆ ਜਾਣਾ ਚਾਹੀਦਾ। ਤੁਸੀਂ ਕਹਿੰਦੇ ਹੋ ਕਿ 17 ਸਾਲ ਦੀ ਉਮਰ ਵਿਚ ਆ ਜਾਓ ਅਤੇ 21 ਸਾਲ ਦੀ ਉਮਰ ਵਿਚ ਰਿਟਾਇਰ ਹੋ ਜਾਓ। ਉਸ ਤੋਂ ਬਾਅਦ ਨੌਜਵਾਨ ਕੀ ਕਰਨਗੇ? 25 ਫ਼ੀਸਦੀ ਨੌਜਵਾਨਾਂ ਨੂੰ ਤਾਂ ਫ਼ੌਜ ਵਿਚ ਰੱਖ ਲਵਾਂਗੇ, ਬਾਕੀ 75 ਫ਼ੀਸਦੀ ਕੀ ਕਰਨਗੇ? ਇਹ ਗਲਤ ਗੱਲ ਹੈ। ਦੇਸ਼ ਦੇ ਨੌਜਵਾਨਾਂ ’ਚ ਜੇ ਫ਼ੌਜ ਵਿਚ ਜਾਣ ਦਾ ਜਨੂੰਨ ਹੈ ਤਾਂ ਉਸ ਜਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਸਵਾਲ : ਅਕਾਲੀ ਦਲ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਇਕ ਬੰਦੀ ਸਿੱਖ ਦੇ ਪਰਿਵਾਰਕ ਮੈਂਬਰ ਨੂੰ ਉਮੀਦਵਾਰ ਬਣਾਇਆ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ :
ਜੇ ਐੱਮ. ਪੀ. ਬਣ ਕੇ ਬੰਦੀ ਸਿੱਖ ਰਿਹਾਅ ਹੁੰਦੇ ਹਨ ਤਾਂ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਐੱਮ. ਪੀ. ਹਨ, ਜਦੋਂਕਿ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਐੱਮ. ਪੀ. ਹਨ। ਇਨ੍ਹਾਂ ਦੋਵਾਂ ਨੇ ਹੁਣ ਤਕ ਕਿੰਨੇ ਬੰਦੀ ਸਿੱਖ ਆਜ਼ਾਦ ਕਰਵਾਏ ਹਨ? ਇਹ ਸਭ ਚੋਣਾਵੀ ਸਿਆਸਤ ਕਰ ਰਹੇ ਹਨ। ਮੈਂ ਇਹ ਕਹਿੰਦਾ ਹਾਂ ਕਿ ਜੇ ਦੇਸ਼ ਦੇ ਕਾਨੂੰਨ ਨੇ ਕਿਸੇ ਨੂੰ ਜੇਲ੍ਹ ਵਿਚ ਡੱਕ ਦਿੱਤਾ ਹੈ ਤਾਂ ਉਸੇ ਕਾਨੂੰਨ ’ਚ ਇਹ ਵੀ ਵਿਵਸਥਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ’ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ।

ਸਵਾਲ : ਵਿਰੋਧੀ ਉਮੀਦਵਾਰਾਂ ਸਿਮਰਨਜੀਤ ਸਿੰਘ ਮਾਨ ਅਤੇ ਕੇਵਲ ਸਿੰਘ ਢਿੱਲੋਂ ਦੀ ਚੁਣੌਤੀ ’ਤੇ ਤੁਸੀਂ ਕੀ ਕਹੋਗੇ?
ਜਵਾਬ :
ਕੇਵਲ ਸਿੰਘ ਢਿੱਲੋਂ ’ਤੇ ਹੁਣ ਮੈਂ ਕੀ ਕਹਾਂ? ਢਿੱਲੋਂ ਨੇ ਜੈਕੇਟ ਵੀ ਨਹੀਂ ਬਦਲੀ। ਉਹ ਕਾਂਗਰਸ ਦੀ ਜੈਕੇਟ ਪਾ ਕੇ ਘੁੰਮ ਰਹੇ ਹਨ। ਉਨ੍ਹਾਂ ਨੇ ਚੋਣ ਨਿਸ਼ਾਨ ਜ਼ਰੂਰ ਬਦਲ ਲਿਆ ਹੈ।

ਸਵਾਲ : ਪ੍ਰਤਾਪ ਸਿੰਘ ਬਾਜਵਾ ਅਤੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਤੁਸੀਂ ਨਵੇਂ ਡਰਾਈਵਰ ਹੋ, ਗੱਡੀ ਪਲਟਾ ਦਿਓਗੇ।
ਜਵਾਬ :
ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਕਦੇ ਗੱਡੀ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸੁਖਬੀਰ ਬਾਦਲ ਨੂੰ ਵੀ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਗੱਡੀ ਚਲਾਉਣ ਦਾ ਮੌਕਾ ਨਹੀਂ ਦਿੱਤਾ। ਉਹ ਸੋਚਦੇ ਹਨ ਕਿ ਸ਼ਾਇਦ ਅਜਿਹਾ ਹੁੰਦਾ ਹੋਵੇਗਾ ਪਰ ਅਜਿਹਾ ਨਹੀਂ ਹੈ। ਅਸੀਂ ਪਿਛਲੇ 10 ਸਾਲਾਂ ਤੋਂ ਦਿੱਲੀ ਵਿਚ ਸਫ਼ਲਤਾ ਨਾਲ ਗੱਡੀ ਚਲਾ ਰਹੇ ਹਾਂ, ਅਸੀਂ ਗੱਡੀ ਚਲਾਉਣੀ ਜਾਣਦੇ ਹਾਂ, ਗੱਡੀ ਨੂੰ ਰੋਕਣਾ ਵੀ ਜਾਣਦੇ ਹਾਂ। ਸਾਨੂੰ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਵੀ ਆਉਂਦਾ ਹੈ ਅਤੇ ਸਾਨੂੰ ਲੋਕਾਂ ਦੇ ਸਕੂਲ ਅਤੇ ਹਸਪਤਾਲ ਬਣਾਉਣੇ ਵੀ ਆਉਂਦੇ ਹਨ।

ਇਹ ਵੀ ਪੜ੍ਹੋ:  ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਸਵਾਲ : ਪੰਜਾਬ ’ਚ ਵਧ ਰਹੇ ਗੈਂਗਸਟਰ ਕਲਚਰ ’ਤੇ ਤੁਸੀਂ ਕੀ ਕਹੋਗੇ?
ਜਵਾਬ :
ਇਹ ਗੈਂਗਸਟਰ ਕਲਚਰ ਅਸੀਂ ਨਹੀਂ ਪੈਦਾ ਕੀਤਾ। ਪੰਜਾਬ ਵਿਚ ਸਾਰੇ ਗੈਂਗਸਟਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਪੈਦਾ ਹੋਏ ਹਨ ਅਤੇ ਇਨ੍ਹਾਂ ਦੇ ਹੀ ਰਾਜ ਵਿਚ ਵਧੇ-ਫੁੱਲੇ ਹਨ ਪਰ ਇਨ੍ਹਾਂ ਨੂੰ ਖ਼ਤਮ ਕਰਨ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News