ਭਗਵੰਤ ਮਾਨ ਨੇ ਡਾ. ਬਲਬੀਰ ਦੀ ਚੋਣ ਕਰ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧੇ
Sunday, Jan 08, 2023 - 06:34 PM (IST)
ਚੰਡੀਗੜ੍ਹ/ਪਟਿਆਲਾ (ਜ. ਬ.) : ਮੁੱਖ ਮੰਤਰੀ ਭਗਵੰਤ ਮਾਨ ਨੇ ਸਾਦਗੀ, ਨਿਮਰਤਾ ਤੇ ਹਲੀਮੀ ਨਾਲ ਜ਼ਿੰਦਗੀ ਜਿਊਣ ਵਾਲੇ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਕੇ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਬਣਾ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧੇ ਹਨ। ਡਾ. ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਸਮੇਂ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਾ ਸ਼ੁਰੂ ਕੀਤਾ ਸੀ। ਉਪਰੰਤ ਉਹ ਹਮੇਸ਼ਾ ਆਮ ਆਦਮੀ ਪਾਰਟੀ ਦੇ ਵਫਾਦਾਰ ਰਹੇ। ਉਨ੍ਹਾਂ ਸਾਲ 2017 ਵਿਚ ਪਟਿਆਲਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ‘ਆਪ’ ਦੇ ਉਮੀਦਵਾਰ ਵਜੋਂ ਉਦੋਂ ਚੋਣ ਲੜੀ ਜਦੋਂ ਬਾਕੀ ਸਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਨਾ ਜਾ ਸਕਣ ਵਾਲਾ ਮੰਨਦੇ ਸਨ ਪਰ ਡਾ. ਬਲਬੀਰ ਸਿੰਘ ਨੇ ਪੂਰੀ ਦ੍ਰਿੜ੍ਹਤਾ ਨਾਲ ‘ਆਪ’ ਦਾ ਪ੍ਰਚਾਰ ਕੀਤਾ।
ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ
ਡਾ. ਬਲਬੀਰ ਸਿੰਘ ਨੂੰ ਇਕ ਸਮੇਂ ਆਮ ਆਦਮੀ ਪਾਰਟੀ ਪੰਜਾਬ ਦਾ ਕੋ-ਕਨਵੀਨਰ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ 2022 ਵਿਚ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜੀ ਤੇ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਦੀ ਚੋਣ ਵਿਚ ਜਿਥੇ ਭਗਵੰਤ ਮਾਨ ਨੇ ਪੁਰਾਣੇ ਤੇ ਵਫਾਦਾਰ ਸਾਥੀ ਦੀ ਚੋਣ ਕੀਤੀ ਹੈ, ਉਥੇ ਹੀ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਇਕ ਡਾਕਟਰ ਹਵਾਲੇ ਕਰਕੇ ਪਿਛਲੇ 9 ਮਹੀਨਿਆਂ ਤੋਂ ‘ਆਪ’ ਸਰਕਾਰ ਦੀ ਹੋ ਰਹੀ ਨਿਖੇਧੀ ਦੇ ਮੂੰਹ ਵੀ ਬੰਦ ਕਰਵਾ ਦਿੱਤੇ ਹਨ। ‘ਆਪ’ ਸਰਕਾਰ ਵਿਚ ਇਹ ਚਰਚਾ ਬਣੀ ਹੋਈ ਸੀ ਕਿ ਕਈ ਵਿਧਾਇਕ ਡਾਕਟਰ ਹੋਣ ਦੇ ਬਾਵਜੂਦ ਤੇ ਵਜ਼ਾਰਤ ਵਿਚ ਦੋ-ਤਿੰਨ ਡਾਕਟਰ ਮੰਤਰੀ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ ਇਕ ਘੱਟ ਪੜ੍ਹੇ ਲਿਖੇ ਮੰਤਰੀ ਨੂੰ ਕਿਉਂ ਦਿੱਤਾ ਗਿਆ। ਡਾ. ਬਲਬੀਰ ਦੀ ਨਿਯੁਕਤੀ ਨਾਲ ਇਹ ਆਲੋਚਨਾ ਪੱਕੇ ਤੌਰ ’ਤੇ ਬੰਦ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ, ਇਨ੍ਹਾਂ ਮੰਤਰੀਆਂ ਦੇ ਵਿਭਾਗ ਬਦਲੇ
ਡਾ. ਬਲਬੀਰ ਸਿੰਘ ਦੇ ਸਿਹਤ ਮੰਤਰੀ ਬਣਨ ਨਾਲ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਦੀ ਇਕ ਵਾਰ ਫਿਰ ਤੋਂ ਲਾਟਰੀ ਲੱਗ ਗਈ ਹੈ। ਪਿਛਲੀ ਵਾਰ ਕਾਂਗਰਸ ਸਰਕਾਰ ਵਿਚ ਨੰਬਰ-2 ਮੰਨੇ ਜਾਂਦੇ ਬ੍ਰਹਮ ਮਹਿੰਦਰਾ ਇਸ ਹਲਕੇ ਦੇ ਵਿਧਾਇਕ ਸਨ, ਜੋ ਮੰਤਰੀ ਬਣੇ ਸਨ ਤੇ ਐਤਕੀਂ ਡਾ. ਬਲਬੀਰ ਸਿੰਘ ਮੰਤਰੀ ਬਣ ਗਏ ਹਨ, ਜੋ ਵਿਧਾਨ ਸਭਾ ਵਿਚ ਹਲਕੇ ਦੇ ਪ੍ਰਤੀਨਿਧ ਹਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।