ਹਰਸਿਮਰਤ ਬਾਦਲ ਦਾ CM ''ਤੇ ਹਮਲਾ, ਕਿਹਾ- ਭਗਵੰਤ ਮਾਨ ਨੂੰ ਨਾ ਪੰਜਾਬ ਤੇ ਨਾ ਪੰਜਾਬ ਦੇ ਪਾਣੀਆਂ ਦਾ ਫਿਕਰ

Monday, Oct 17, 2022 - 05:06 AM (IST)

ਹਰਸਿਮਰਤ ਬਾਦਲ ਦਾ CM ''ਤੇ ਹਮਲਾ, ਕਿਹਾ- ਭਗਵੰਤ ਮਾਨ ਨੂੰ ਨਾ ਪੰਜਾਬ ਤੇ ਨਾ ਪੰਜਾਬ ਦੇ ਪਾਣੀਆਂ ਦਾ ਫਿਕਰ

ਮਾਨਸਾ (ਮਨਜੀਤ) : ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਸਟੈਂਡ ਲੈਣ ਦੀ ਬਜਾਏ ਭਗਵੰਤ ਮਾਨ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ 'ਚ ਲੱਗਾ ਹੋਇਆ ਹੈ। ਕੇਜਰੀਵਾਲ ਦਾ ਖੁਦ ਕੋਈ ਸਿਧਾਂਤ ਅਤੇ ਸਟੈਂਡ ਨਹੀਂ ਹੈ, ਜੋ ਪੰਜਾਬ ਦਾ ਪਾਣੀ ਹਰਿਆਣਾ ਅਤੇ ਹੋਰ ਸੂਬਿਆਂ ਨੂੰ ਦੇਣ ਦੀ ਗੱਲ ਕਰਦਾ ਹੈ। ਇਸ ਸਬੰਧੀ ਮਾਣਯੋਗ ਅਦਾਲਤ ਵਿੱਚ ਹਲਫਨਾਮਾ ਵੀ ਦੇ ਚੁੱਕਾ ਹੈ। ਮਾਨਸਾ ਵਿਖੇ ਪਹੁੰਚੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਸ਼ਤਿਹਾਰਬਾਜ਼ੀ ਕਰਕੇ ਆਪਣੀ ਫੋਕੀ ਵਾਹ-ਵਾਹ ਕਰਵਾਉਣ ਵਿੱਚ ਲੱਗੀ 'ਆਪ' ਸਰਕਾਰ ਮੁੱਦਿਆਂ ਤੋਂ ਭੱਜ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੀਟਿੰਗ ਹੋਈ ਤਾਂ ਆਪਣਾ ਪੱਖ ਅਤੇ ਸਟੈਂਡ ਰੱਖਣ ਦੀ ਬਜਾਏ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਇਸ ਗੱਲ ਦਾ ਹੱਲ ਪ੍ਰਧਾਨ ਮੰਤਰੀ ਕੱਢਣਗੇ।

ਇਹ ਵੀ ਪੜ੍ਹੋ : ਗੋਲੀ ਚੱਲਣ ਦੀ ਸੂਚਨਾ ਨਾਲ ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਪੁਲਸ ਤਾਂ ਰਹਿ ਗਈ ਹੱਕੀ-ਬੱਕੀ

ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਹੈ ਪਰ ਪੰਜਾਬ ਦਾ ਬਹੁਤ ਸਾਰਾ ਏਰੀਆ ਬੀ.ਐੱਸ.ਐੱਫ. ਦੇ ਹਵਾਲੇ ਕਰਨ, ਯੂਨੀਵਰਸਿਟੀਆਂ ਕੇਂਦਰ ਅਤੇ ਹੋਰ ਸੂਬਿਆਂ ਨੂੰ ਦੇਣ ਨੂੰ ਲੈ ਕੇ ਪੰਜਾਬ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ, ਜਿਸ ਕਰਕੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਦਿਆਂ 'ਤੇ ਨਾ ਕੋਈ ਸਮਝ ਹੈ ਤੇ ਨਾ ਕੋਈ ਸਟੈਂਡ। ਐੱਸ.ਵਾਈ.ਐੱਲ. ਅਧੀਨ ਆਉਂਦੀਆਂ ਜ਼ਮੀਨਾਂ ਨੂੰ ਬਾਦਲ ਸਰਕਾਰ ਵੇਲੇ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਪੰਜਾਬ ਦੇ ਪਾਣੀਆਂ 'ਤੇ ਸਿਰਫ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਅਤੇ ਮੀਟਿੰਗਾਂ ਕਰਨ ਵਾਲੀ ਕੋਈ ਗੱਲ ਹੀ ਨਹੀਂ ਕਿਉਂਕਿ ਜਿਵੇਂ ਬਾਪ ਦੀ ਜਾਇਦਾਦ 'ਤੇ ਪੁੱਤਰ ਦਾ ਹੱਕ ਹੁੰਦਾ ਹੈ, ਇਵੇਂ ਹੀ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦਾ ਹੱਕ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ ਤੇ ਲੱਕੀ ਸਿੰਘ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News