ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਸਖ਼ਤ ਕਦਮ, ਸੂਬੇ ’ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦਾ ਆਡਿਟ ਕਰਵਾਏਗੀ ਸਰਕਾਰ

Tuesday, Apr 19, 2022 - 12:04 PM (IST)

ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਸਖ਼ਤ ਕਦਮ,  ਸੂਬੇ ’ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦਾ ਆਡਿਟ ਕਰਵਾਏਗੀ ਸਰਕਾਰ

ਚੰਡੀਗੜ੍ਹ : ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਅਤੇ ਮੁੱਖ ਮੰਤਰੀ ਕੁਰਸੀ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਵਲੋਂ ਇਕ ਤੋਂ ਬਾਅਦ ਇਕ ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਇਕ ਹੋਰ ਫੈ਼ਸਲਾ ਲੈਂਦਿਆਂ ਸੂਬੇ ਨੂੰ ਹੁਣ ਤਕ ਹੋਏ ਵਿੱਤੀ ਨੁਕਸਾਨ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਥੇ ਹੀ ਬਸ ਨਹੀਂ ਸਾਫ ਆਖਿਆ ਗਿਆ ਹੈ ਕਿ ਦੋਸ਼ੀ ਭਾਵੇਂ ਕੋਈ ਸਿਆਸੀ ਆਗੂ, ਅਫਸਰ ਜਾਂ ਮੁਲਾਜ਼ਮ ਕਿਉਂ ਨਾ ਹੋਵੇ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬਿਆ ਹੈ। ਇਹ ਕਰਜ਼ ਇੰਝ ਹੀ ਸੂਬੇ ਸਿਰ ਨਹੀਂ ਚੜ੍ਹਿਆ, ਇਸ ਦੇ ਪਿੱਛੇ ਠੋਸ ਕਾਰਣ ਰਹੇ ਹੋਣਗੇ। ਹੁਣ ਤਕ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ਨੂੰ ਕਰਜ਼ਧਾਰੀ ਬਣਾ ਦਿੱਤਾ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦੀ ਠੋਸ ਜਾਂਚ ਕਰਵਾਂਗੀ, ਜਿਸ ਵਿਚ ਕਿਸ-ਕਿਸ ਸਾਲ ਵਿਚ ਕਿਹੜੇ ਕਾਰਣਾਂ ਕਾਰਣ ਕਰਜ਼ਾ ਲਿਆ ਗਿਆ ਹੈ ਅਤੇ ਉਹ ਉਸ ਸਰਕਾਰ ਦੌਰਾਨ ਕਰਜ਼ਾ ਵਾਪਸ ਕਿਉਂ ਨਹੀਂ ਕੀਤਾ ਜਾ ਸਕਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਵਿਧਾਇਕ, ਪੰਜਾਬ ਦੇ ਅਫ਼ਸਰਾਂ ਨੂੰ ਦੋ ਟੁੱਕ ’ਚ ਦਿੱਤਾ ਇਹ ਸੁਨੇਹਾ

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕੇ ਵਿਚ ਰੁਕੇ ਹੋਏ ਵਿਕਾਸ ਕਾਰਜਾਂ, ਪੈਂਡਿੰਗ ਪ੍ਰਾਜੈਕਟਾਂ ਦੀ ਰਿਪੋਰਟ ਤਿਆਰ ਕਰਨ ਲਈ ਵੀ ਆਖਿਆ ਹੈ ਤਾਂ ਕਿ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾ ਸਕੇ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਸਾਬਕਾ ਸਰਕਾਰਾਂ ਦੌਰਾਨ ਹੋਏ ਘਪਲਿਆਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਗਾਉਣ ਵਾਲੇ ‘ਆਪ’ ਵਰਕਰਾਂ ’ਤੇ ਪਾਰਟੀ ਦੀ ਵੱਡੀ ਕਾਰਵਾਈ

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ’ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਰਜ਼ਾ ਗਿਆ ਕਿੱਥੇ? ਪੰਜਾਬ ਵਿਚ ਕੋਈ ਨਵਾਂ ਕਾਲਜ, ਸਕੂਲ, ਹਸਪਤਾਲ ਜਾਂ ਯੂਨੀਵਰਸਿਟੀ ਤਾਂ ਬਣੀ ਨਹੀਂ ਅਤੇ ਸੜਕਾਂ ਵੀ ਪ੍ਰਾਈਵੇਟ ਕੰਪਨੀਆਂ ਬਣਾਉਂਦੀਆਂ ਹਨ ਫਿਰ ਇਹ ਕਰਜ਼ਾ ਕਿੱਥੇ ਗਿਆ। ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਕਰਜ਼ੇ ਦਾ ਕੁੱਝ ਹਿੱਸਾ ਪਹਾੜੀਆਂ ਦੀਆਂ ਜੜ੍ਹਾਂ ਵਿਚ ਪਿਆ ਹੈ, ਜਿਸ ਦੀ ਰਿਕਵਰੀ ਕੀਤੀ ਜਾਵੇਗੀ। ਜਨਤਾ ਦੇ ਪੈਸੇ ਨੂੰ ਇੰਝ ਹੀ ਨਹੀਂ ਛੱਡਿਆ ਜਾ ਸਕਦਾ। ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News