ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਆਖੀਆਂ ਵੱਡੀਆਂ ਗੱਲਾਂ, ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ
Wednesday, Mar 16, 2022 - 09:58 PM (IST)
ਨਵਾਂਸ਼ਹਿਰ/ਖਟਕੜ ਕਲਾਂ : ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖੇ ਵੱਡੇ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਤੋਂ ਬਾਅਦ ਮਾਨ ਨੇ ਸਟੇਜ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
ਇਹ ਵੀ ਪੜ੍ਹੋ : ਪੰਜਾਬ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਕਾਂਗਰਸ ’ਚ ਮੰਥਨ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਿਸ਼ਾਨੇ ’ਤੇ
ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਵਿਚ ਸਹੁੰ ਚੁੱਕਣ ਦਾ ਉਨ੍ਹਾਂ ਦਾ ਸੁਫ਼ਨਾ ਅੱਜ ਪੂਰਾ ਹੋ ਗਿਆ ਹੈ। ਮਾਨ ਨੇ ਕਿਹਾ ਕਿ ਪਹਿਲਾਂ ਸਹੁੰ ਚੁੱਕ ਸਮਾਗਮ ਮਹਿਲਾਂ, ਸਟੇਡੀਅਮਾਂ ਅਤੇ ਰਾਜ ਭਵਨਾਂ ਵਿਚ ਹੁੰਦੇ ਸਨ ਪਰ ਅੱਜ ਮੁੱਖ ਮੰਤਰੀ ਅਹੁਦੇ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਦੀ ਧਰਤੀ ’ਤੇ ਹੋਇਆ ਹੈ। ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਕੁੱਝ ਕੁ ਤਾਰੀਖਾਂ ’ਤੇ ਹੀ ਕਿਉਂ ਯਾਦ ਕੀਤਾ ਜਾਂਦਾ ਹੈ, ਸਾਨੂੰ ਹਮੇਸ਼ਾ ਉਨ੍ਹਾਂ ਦੇ ਦੱਸੇ ਹੋਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਹੰਕਾਰ ਬਿਲਕੁਲ ਨਹੀਂ ਕਰਨਾ। ਮੈਨੂੰ ਅਜਿਹੀ ਖ਼ਬਰ ਨਹੀਂ ਮਿਲਣੀ ਚਾਹੀਦੀ ਕਿ ਆਮ ਆਦਮੀ ਪਾਰਟੀ ਨੇ ਕਿਸੇ ਨਾਲ ਧੱਕਾ ਕੀਤਾ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਨਵਾਂ ਮੋੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਪਾਈ ਫੇਸਬੁੱਕ ਪੋਸਟ
ਮਾਨ ਨੇ ਕਿਹਾ ਕਿ ਭਗਤ ਸਿੰਘ ਨੂੰ ਫ਼ਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਕੀ ਹੋਵੇਗਾ, ਦੇਸ਼ ਵਿਚ ਸਿਆਸੀ ਪਾਰਟੀਆਂ ਨੇ 70 ਸਾਲ ਰਾਜ ਕੀਤਾ ਪਰ ਕੁੱਝ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵੀ ਫ਼ੈਸਲੇ ਲਵੇਗੀ ਸਾਰਿਆਂ ਨੇ ਉਸ ਦਾ ਸਾਥ ਦੇਣਾ ਹੈ, ਅਸੀਂ ਰਲ ਮਿਲ ਕੇ ਅੱਗੇ ਵਧਾਂਗੇ, ਪੰਜਾਬ ਨੂੰ ਸੁਨਹਿਰੀ ਬਣਾਵਾਂਗੇ। ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ, ਇਥੇ ਹੀ ਮੌਕੇ ਦਿੱਤੇ ਜਾਣਗੇ, ਠਰੰਮਾ ਰੱਖਿਓ ਚੰਗੇ ਫ਼ੈਸਲੇ ਲਵਾਂਗੇ, ਜਿਸ ’ਤੇ ਸਾਰਿਆਂ ਨੂੰ ਮਾਣ ਹੋਵੇਗਾ। ਮਾਨ ਨੇ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਪਹਿਲਾਂ ਹੀ ਅਸੀਂ 70 ਸਾਲ ਲੇਟ ਹੋ ਚੁੱਕੇ ਹਾਂ, ਜਲਦ ਵੱਡੇ ਫ਼ੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ : ਚੋਣਾਂ ’ਚ ਹਾਰ ਤੋਂ ਬਾਅਦ ਕਾਂਗਰਸ ਚ ਘਮਸਾਨ, ਚਰਨਜੀਤ ਚੰਨੀ ’ਤੇ ਸੁਨੀਲ ਜਾਖੜ ਦਾ ਸਿੱਧਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?