ਪੰਜਾਬ ਦੇ ਲੋਕਾਂ ਨਾਲ ਕਦਮ-ਕਦਮ 'ਤੇ ਧੋਖਾ ਕਰਨ ਦੀ ਤਾਕ 'ਚ ਰਹਿੰਦੇ ਨੇ ਕੈਪਟਨ ਤੇ ਬਾਦਲ : ਭਗਵੰਤ

09/26/2020 2:20:22 AM

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਖੇਤੀ ਬਿੱਲਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੇ ਲੋਕਾਂ ਨਾਲ ਕਦਮ-ਕਦਮ 'ਤੇ ਧੋਖਾ ਕਰਨ ਦੀ ਤਾਕ 'ਚ ਰਹਿੰਦੇ ਹਨ ਅਤੇ ਗੁੰਮਰਾਹਕੁਨ ਬਿਆਨਬਾਜ਼ੀ ਕਰਦੇ ਹਨ, ਜਿਨ੍ਹਾਂ ਦਾ ਇਕ ਮਾਤਰ ਮਕਸਦ ਸੱਤਾ ਦਾ ਸੁੱਖ ਭੋਗਣਾ ਹੈ।

ਭਗਵੰਤ ਮਾਨ ਨੇ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਸਾਹਿਬ ਮੋਦੀ ਦੇ ਕਾਲੇ ਕਾਨੂੰਨਾਂ ਵਿਰੁਧ ਜਾਰੀ ਲੜਾਈ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕਰ ਕੇ ਕਿਸ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਜਦਕਿ ਪੰਜਾਬ ਦੇ ਲੋਕਾਂ ਨੇ 2017 'ਚ ਸਾਰੇ ਪੰਜਾਬ ਅਤੇ ਪੰਜਾਬੀਆਂ ਦੀ ਅਗਵਾਈ ਕਰਨ ਦਾ ਜ਼ਿੰਮਾ ਬੜੀਆਂ ਉਮੀਦਾਂ ਅਤੇ ਪ੍ਰਚੰਡ ਬਹੁਮਤ ਨਾਲ ਅਮਰਿੰਦਰ ਸਿੰਘ ਨੂੰ ਸੌਂਪਿਆ ਸੀ ਪਰ ਪੌਣੇ 4 ਸਾਲਾਂ 'ਚ ਅਮਰਿੰਦਰ ਸਿੰਘ ਕਿਸੇ ਇਕ ਵੀ ਵਰਗ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰੇ।

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਅਮਰਿੰਦਰ ਸਿੰਘ ਵੀ 'ਡਬਲ ਗੇਮ' ਖੇਡ ਕੇ ਪੰਜਾਬੀਆਂ ਖਾਸ ਕਰ ਕੇ ਕਿਸਾਨਾਂ ਨੂੰ ਧੋਖੇ 'ਚ ਰੱਖ ਰਹੇ ਹਨ। ਹਾਈਪਾਵਰ ਕਮੇਟੀ ਦੌਰਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚਾਪ ਸਹਿਮਤੀ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦਾ ਗਠਨ ਵਰਗੇ ਫ਼ੈਸਲੇ ਅਮਰਿੰਦਰ ਸਰਕਾਰ ਦੇ ਦੋਗਲੇਪਣ ਨੂੰ ਨੰਗਾ ਕਰ ਰਹੇ ਹਨ। ਇਸ ਲਈ ਨਾ ਤਾਂ ਅਮਰਿੰਦਰ ਸਿੰਘ ਅਗਵਾਈ ਕਰਨ ਦੇ ਯੋਗ ਹਨ ਅਤੇ ਨਾ ਹੀ ਪੰਜਾਬ ਦੇ ਲੋਕਾਂ ਦਾ ਅਮਰਿੰਦਰ ਸਿੰਘ 'ਤੇ ਕੋਈ ਭਰੋਸਾ ਰਿਹਾ ਹੈ।

ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ, ''ਰਾਜੇ ਵਾਂਗ ਸੁਖਬੀਰ ਬਾਦਲ ਵੀ ਪੰਜਾਬ ਦੀ ਜਨਤਾ ਨੂੰ ਬਿਲਕੁਲ ਹੀ ਨਾ ਸਮਝ ਮੰਨ ਕੇ ਬਿਆਨਬਾਜ਼ੀ ਦਾਗ਼ ਰਹੇ ਹਨ। ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਮੋਦੀ ਦਾ ਏਜੰਟ ਬਣ ਕੇ ਰਹਿ ਗਿਆ ਹੈ ਕਿਉਂਕਿ 'ਸ਼ਾਹੀ ਪਰਿਵਾਰ' ਵਾਂਗ ਬਾਦਲਾਂ ਦੇ ਟੱਬਰ ਦੀਆਂ ਅਣਗਿਣਤ ਕਮਜ਼ੋਰੀਆਂ ਮੋਦੀ ਦੀ ਅਲਮਾਰੀ 'ਚ ਪਈਆਂ ਹਨ।
 


Deepak Kumar

Content Editor

Related News